ਚੰਡੀਗੜ੍ਹ: ਗਲੋਬਲੀ ਪੱਧਰ ਉਤੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਪੰਜਾਬੀ ਸਿਨੇਮਾ ਖੇਤਰ ਵਿੱਚ ਅੱਜਕੱਲ੍ਹ ਅਜਬ ਹੀ ਨਜ਼ਾਰਾ ਅਤੇ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਿੱਥੇ ਬਾਲੀਵੁੱਡ ਹਸੀਨਾਵਾਂ ਦੀ ਆਮਦ ਅਤੇ ਧਾਂਕ ਇਧਰਲੇ ਪਾਸੇ ਲਗਾਤਾਰ ਵੱਧਦੀ ਜਾ ਰਹੀ ਹੈ, ਉਥੇ ਪਾਲੀਵੁੱਡ ਅਦਾਕਾਰਾਂ ਅਪਣੀ ਇਹ ਅਸਲ ਕਰਮਭੂਮੀ ਛੱਡ ਮੁੰਬਈ ਵੱਲ ਰੁਖ਼ ਕਰਦੀਆਂ ਨਜ਼ਰੀ ਆ ਰਹੀਆਂ ਹਨ।
ਅੰਤਰਰਾਸ਼ਟਰੀ ਸਿਨੇਮਾ ਸਫਾਂ ਵਿੱਚ ਬਹੁਤ ਤੇਜ਼ੀ ਨਾਲ ਆਪਣੀ ਹੋਂਦ ਅਤੇ ਅਕਾਰ ਨੂੰ ਲਗਾਤਾਰ ਹੋਰ ਵਿਸ਼ਾਲ ਕਰਦਾ ਜਾ ਰਿਹਾ ਹੈ ਪੰਜਾਬੀ ਸਿਨੇਮਾ, ਜਿਸ ਦੇ ਵਿਹੜੇ ਵਿੱਚ ਹਿੰਦੀ ਸਿਨੇਮਾ ਅਦਾਕਾਰਾਂ ਦੀ ਆਮਦ ਦਾ ਇਹ ਸਿਲਸਿਲਾ ਹਾਲਾਂਕਿ ਨਵਾਂ ਨਹੀਂ ਹੈ, ਕਿਉਂਕਿ ਉਸ ਤੋਂ ਦਹਾਕਿਆਂ ਪਹਿਲਾਂ ਵੀ ਬਹੁਤ ਸਾਰੀਆਂ ਮੁੰਬਈ ਅਦਾਕਾਰਾਂ ਇਸ ਸਿਨੇਮਾ ਜਗਤ 'ਚ ਆਪਣੀ ਹੋਂਦ ਅਤੇ ਨਯਾਬ ਕਲਾ ਦਾ ਲੋਹਾ ਮੰਨਵਾਉਣ ਅਤੇ ਉੱਚ-ਕੋਟੀ ਪਹਿਚਾਣ ਸਥਾਪਿਤ ਕਰਨ ਵਿੱਚ ਸਫਲ ਰਹੀਆਂ, ਜਿੰਨ੍ਹਾਂ ਵਿੱਚ ਇੰਦਰਾ ਬਿੱਲੀ, ਸ਼ੋਭਨਾ ਸਿੰਘ, ਭਾਵਨਾ ਭੱਟ, ਪ੍ਰੀਤੀ ਸਪਰੂ, ਕੀਰਤੀ ਸਿੰਘ ਜਿਹੇ ਅਨੇਕਾਂ ਨਾਂਅ ਅਤੇ ਖੂਬਸੂਰਤ ਚਿਹਰੇ ਸ਼ਾਮਿਲ ਰਹੇ ਹਨ।
ਓਧਰ ਜੇਕਰ ਹਾਲ ਹੀ ਦੇ ਸਮੇਂ ਦੌਰਾਨ ਦੀ ਪੰਜਾਬੀ ਸਿਨੇਮਾ ਦ੍ਰਿਸ਼ਾਵਲੀ ਵੱਲ ਨਜ਼ਰਸਾਨੀ ਕਰੀਏ ਤਾਂ ਬਹੁਤ ਸਾਰੇ ਚਿਹਰੇ ਅਜਿਹੇ ਨਜ਼ਰੀ ਪੈਂਦੇ ਹਨ, ਜਿੰਨ੍ਹਾਂ ਪਾਲੀਵੁੱਡ ਨਾਲੋਂ ਬਾਲੀਵੁੱਡ ਨੂੰ ਅਪਣੀ ਤਰਜੀਹ ਵਿੱਚ ਵੱਧ ਸ਼ਾਮਿਲ ਕਰ ਲਿਆ ਹੈ, ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿਲਕਸ਼ ਅਦਾਕਾਰਾ ਸੁਰਭੀ ਮਹਿੰਦਰੂ ਦੀ, ਜੋ ਬੇਸ਼ੁਮਾਰ ਸਫਲ ਮਿਊਜ਼ਿਕ ਵੀਡੀਓਜ਼ ਤੋਂ ਇਲਾਵਾ ਰਵਿੰਦਰ ਗਰੇਵਾਲ ਸਟਾਰਰ 'ਜੱਜ ਸਿੰਘ ਐਲਐਲਬੀ' ਆਦਿ ਜਿਹੀਆਂ ਕਈ ਪੰਜਾਬੀ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੀ ਹੈ, ਪਰ ਹੈਰਾਨੀਜਨਕ ਗੱਲ ਇਹ ਰਹੀ ਹੈ ਕਿ ਇਸ ਖੇਤਰ ਵਿੱਚ ਕਰੀਅਰ ਦੇ ਸਿਖਰ ਵੱਲ ਵੱਧ ਰਹੀ ਇਸ ਅਦਾਕਾਰਾ ਨੇ ਇੱਧਰੋਂ ਕਿਨਾਰਾ ਕਰਦਿਆਂ ਅਚਾਨਕ ਗਲੈਮਰ ਦੀ ਦੁਨੀਆਂ ਮੁੰਬਈ ਜਾ ਡੇਰੇ ਲਾਏ, ਜਿਸ ਉਪਰੰਤ ਪਾਲੀਵੁੱਡ ਵਿੱਚ ਇੰਨ੍ਹਾਂ ਦੀ ਮੌਜੂਦਗੀ ਨਾਮਾਤਰ ਹੀ ਵੇਖਣ ਨੂੰ ਮਿਲ ਰਹੀ ਹੈ।
ਹੁਣ ਗੱਲ ਕਰਦੇ ਹਾਂ ਇੱਕ ਹੋਰ ਪ੍ਰਤਿਭਾਸ਼ਾਲੀ ਅਦਾਕਾਰਾ ਇਹਾਨਾ ਢਿੱਲੋਂ ਦੀ, ਜਿਸ ਨੇ 'ਡੈਡੀ ਕੂਲ-ਮੁੰਡੇ ਫੂਲ', 'ਟਾਈਗਰ', 'ਬਲੈਕੀਆਂ', 'ਗੋਲ ਗੱਪੇ', 'ਜੇ ਪੈਸਾ ਬੋਲਦਾ ਹੁੰਦਾ', 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਜਿਹੀਆਂ ਅਨੇਕਾਂ ਪੰਜਾਬੀ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾਇਆ ਹੈ, ਪਰ ਇਸ ਬਿਹਤਰੀਨ ਕਰੀਅਰ ਗ੍ਰਾਫ ਦੇ ਬਾਵਜੂਦ ਇਹ ਹੋਣਹਾਰ ਅਦਾਕਾਰਾ ਪਾਲੀਵੁੱਡ ਤੋਂ ਜਿਆਦਾ ਬਾਲੀਵੁੱਡ ਵਿੱਚ ਅਪਣੀ ਸਰਗਰਮੀ ਵਧਾਉਂਦੇ ਅਕਸਰ ਵੱਧ ਨਜ਼ਰੀ ਪੈਂਦੀ ਹੈ, ਜਿਸ ਦਾ ਇਜ਼ਹਾਰ ਉਸ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਿੰਦੀ ਫਿਲਮਾਂ 'ਹੇਟ ਸਟੋਰੀ 4', 'ਕਸਕ', 'ਭੁਜ', 'ਰਾਧੇ', ਅਤੇ ਕੁਝ ਕੁ ਹਿੰਦੀ ਸੰਗੀਤਕ ਵੀਡੀਓ ਲਗਾਤਾਰ ਕਰਵਾ ਰਹੀ ਹੈ।
ਪਾਲੀਵੁੱਡ ਤੋਂ ਦੂਰ ਹੋ ਰਹੀਆਂ ਉਕਤ ਅਦਾਕਾਰਾਂ ਦੀ ਲੜੀ ਤਹਿਤ ਹੀ ਇੱਕ ਹੋਰ ਅਹਿਮ ਨਾਂਅ ਦਾ ਜ਼ਿਕਰ ਕਰੀਏ ਤਾਂ ਉਹ ਹੈ ਵਾਮਿਕਾ ਗੱਬੀ ਦਾ, ਜੋ 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3', 'ਗੱਲਵਕੜੀ', 'ਹਾਈ ਐਂਡ ਯਾਰੀਆਂ', 'ਪ੍ਰਾਹੁਣਾ', 'ਦਿਲ ਦੀਆਂ ਗੱਲਾਂ', 'ਦੂਰਬੀਨ', 'ਕਲੀ ਜੋਟਾ', 'ਨਾਢੂ ਖਾਨ', 'ਤੂੰ ਮੇਰਾ ਬਾਈ-ਮੈਂ ਤੇਰਾ ਬਾਈ' ਆਦਿ ਜਿਹੀਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਸ਼ਾਮਿਲ ਰਹੀ ਹੈ, ਪਰ ਇਸ ਦੇ ਸਫਲ ਪਾਲੀਵੁੱਡ ਪਾਰੀ ਦੇ ਬਾਵਜੂਦ ਇਹ ਬਾਕਮਾਲ ਅਦਾਕਾਰਾਂ ਅੱਜਕੱਲ੍ਹ ਬਾਲੀਵੁੱਡ ਵਿੱਚ ਹੀ ਜਿਆਦਾ ਕਾਰਜਸ਼ੀਲ ਨਜ਼ਰ ਆ ਰਹੀ ਹੈ, ਜਿਸ ਦਾ ਇੱਕ ਅਹਿਮ ਕਾਰਨ ਉਸ ਨੂੰ ਮਿਲ ਰਹੀਆਂ ਬਿੱਗ ਸੈਟਅੱਪ ਹਿੰਦੀ ਫਿਲਮਾਂ ਅਤੇ ਵੈੱਬ-ਸੀਰੀਜ਼ ਨੂੰ ਵੀ ਮੰਨਿਆ ਜਾ ਸਕਦਾ ਹੈ, ਹਾਲਾਂਕਿ ਇਹ ਉਨ੍ਹਾਂ ਦੇ ਕਰੀਅਰ ਲਈ ਕਿੰਨੀਆਂ ਕੁ ਮੁਫੀਦਕਾਰੀ ਸਾਬਿਤ ਹੋਣਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
- ਤ੍ਰਿਪਤੀ ਡਿਮਰੀ ਨੇ ਕੀਤਾ ਇੰਨ੍ਹਾਂ ਫਿਲਮਾਂ ਵਿੱਚ ਕਿਆਰਾ-ਜਾਹਨਵੀ ਦਾ ਪੱਤਾ ਸਾਫ਼, ਹਸੀਨਾ ਦੀ ਝੋਲੀ 'ਚ ਡਿੱਗੀਆਂ ਇਹ 8 ਫਿਲਮਾਂ - Triptii Dimri Upcoming Movies
- ਹੱਥਾਂ 'ਚ ਗੁਲਦਸਤਾ, ਉਂਗਲੀ 'ਚ ਹੀਰੇ ਦੀ ਰਿੰਗ, ਕਾਨਸ ਤੋਂ ਮੰਗਣੀ ਕਰਵਾ ਕੇ ਪਰਤੀ 'ਟਿਕੂ ਵੈੱਡਸ ਸ਼ੇਰੂ' ਦੀ ਇਹ ਹਸੀਨਾ? - avneet kaur engagement
- ਸਿਰਫ 20 ਮਿੰਟਾਂ 'ਚ ਵਿਕਿਆ ਦੀਪਿਕਾ ਪਾਦੂਕੋਣ ਦਾ ਮੈਟਰਨਿਟੀ ਗਾਊਨ, ਮਿਲੀ ਕੀਮਤ ਨੂੰ ਕੀਤਾ ਚੈਰਿਟੀ ਵਿੱਚ ਦਾਨ - Deepika Padukone Gown
ਉਕਤ ਲੜੀ ਅਧੀਨ ਹੀ ਪੰਜਾਬੀ ਸਿਨੇਮਾ ਤੋਂ ਕਿਨਾਰਾਕਸ਼ੀ ਕਰਨ ਵੱਲ ਵੱਧ ਚੁੱਕੀਆਂ ਕੁਝ ਕੁ ਹੋਰ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਸ਼ਹਿਨਾਜ਼ ਕੌਰ ਗਿੱਲ, ਸੁਰਵੀਨ ਚਾਵਲਾ, ਪ੍ਰਭਲੀਨ ਸੰਧੂ, ਕਾਨਿਕਾ ਮਾਨ, ਮਾਹੀ ਗਿੱਲ, ਹਿਮਾਂਸ਼ੀ ਖੁਰਾਣਾ, ਮੋਨਿਕਾ ਗਿੱਲ ਵੀ ਸ਼ੁਮਾਰ ਹਨ, ਜੋ ਇੱਕਾ ਦੁੱਕਾ ਪੰਜਾਬੀ ਫਿਲਮਾਂ ਵਿੱਚ ਹੀ ਇੰਨੀਂ ਦਿਨੀਂ ਨਜ਼ਰ ਆ ਰਹੀਆਂ ਹਨ।
ਓਧਰ ਜੇਕਰ ਹਾਲ ਹੀ ਦੇ ਸਮੇਂ ਦੌਰਾਨ ਪੰਜਾਬੀ ਸਿਨੇਮਾ ਖੇਤਰ ਵਿੱਚ ਆਮਦ ਕਰਨ ਵਾਲੀਆਂ ਅਤੇ ਇਸ ਖਿੱਤੇ ਵਿੱਚ ਡੂੰਘੀਆਂ ਪੈੜਾਂ ਸਥਾਪਿਤ ਕਰ ਚੁੱਕੀਆਂ ਹਿੰਦੀ ਸਿਨੇਮਾ ਅਦਾਕਾਰਾਂ ਵੱਲ ਝਾਤ ਮਾਰੀਏ ਤਾਂ ਇੰਨ੍ਹਾਂ ਵਿੱਚ ਟੈਲੀਵਿਜ਼ਨ ਜਗਤ ਦਾ ਚਿਹਰਾ ਰਹੀ ਸਰਗੁਣ ਮਹਿਤਾ ਤੋਂ ਇਲਾਵਾ ਅਦਾਕਾਰਾ ਜ਼ਰੀਨ ਖਾਨ, ਬਿੱਗ ਬੌਸ 14 ਫੇਮ ਜੈਸਮੀਨ ਭਸੀਨ, ਗੋਵਿੰਦਾ ਪੁੱਤਰੀ ਟੀਨਾ ਅਹੂਜਾ ਤੋਂ ਇਲਾਵਾ ਸੰਜੀਦਾ ਸ਼ੇਖ, ਅਦਿਤੀ ਸ਼ਰਮਾ, ਮਾਹਿਰਾ ਸ਼ਰਮਾ, ਨਾਜਿਆ ਹੁਸੈਨ, ਸਿਮਰਨ ਸੰਧੂ, ਰੁਬੀਨਾ ਦਿਲਾਇਕ, ਪਾਇਲ ਰਾਜਪੂਤ, ਅਮਾਇਰਾ ਦਸਤੂਰ, ਹਿਨਾ ਖਾਨ ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਉਪਰੰਤ ਹਿੰਦੀ ਸਿਨੇਮਾ ਸੰਬੰਧਤ ਕੁਝ ਹੋਰ ਚਰਚਿਤ ਅਦਾਕਾਰਾਂ ਵੀ ਇਸ ਖਿੱਤੇ ਦਾ ਹਿੱਸਾ ਬਣਨ ਲਈ ਤਿਆਰ ਹਨ, ਜਿਸ ਦੇ ਚੱਲਦਿਆਂ ਬਦਲ ਰਹੇ ਇਸ ਪਰਿਪੇਸ਼ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਿਨੇਮਾ ਸਕਰੀਨ ਉਤੇ ਜਿਆਦਾਤਰ ਬਾਲੀਵੁੱਡ ਅਦਾਕਾਰਾਂ ਹੀ ਵਿਖਾਈ ਦੇਣ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।