ਚੰਡੀਗੜ੍ਹ: ਅੱਜ ਤੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਯਾਨੀ ਕਿ ਮਾਰਚ 2022 ਵਿੱਚ ਪੰਜਾਬ ਵਿੱਚ ਆਪ ਸਰਕਾਰ ਨੇ ਐਂਟਰੀ ਕੀਤੀ। ਇਸ ਐਂਟਰੀ ਵਿੱਚ ਸੀਐੱਮ ਮਾਨ ਲਈ ਫਿਲਮੀ ਕਲਾਕਾਰਾਂ ਦਾ ਕਾਫੀ ਵੱਡਾ ਯੋਗਦਾਨ ਰਿਹਾ। ਬਹੁਤ ਸਾਰੇ ਕਲਾਕਾਰਾਂ ਨੇ ਲੋਕਾਂ ਦੇ ਘਰਾਂ-ਘਰਾਂ ਵਿੱਚ ਜਾ-ਜਾ ਕੇ ਵੋਟਾਂ ਮੰਗੀਆਂ ਅਤੇ ਸਭ ਦਾ ਲੋਕਾਂ ਨਾਲ ਇੱਕ ਹੀ ਵਾਅਦਾ ਸੀ ਕਿ ਅਸੀਂ ਪੰਜਾਬੀ ਵਿੱਚ ਚਿੱਟੇ ਨੂੰ ਬਿਲਕੁੱਲ ਖਤਮ ਕਰ ਦੇਵਾਂਗਾ।
ਹੁਣ ਜਦੋਂ ਇਸ ਸਰਕਾਰ ਨੂੰ 3 ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ ਤਾਂ ਸਰਕਾਰ ਉਤੇ ਕਈ ਤਰ੍ਹਾਂ ਦੇ ਸੁਆਲ ਉੱਠ ਰਹੇ ਹਨ, ਇਹਨਾਂ ਸੁਆਲਾਂ ਨੂੰ ਉਠਾਉਣ ਵਾਲਿਆਂ ਵਿੱਚੋਂ ਇੱਕ ਖੁਦ ਆਪ ਸਰਕਾਰ ਲਈ ਵੋਟਾਂ ਮੰਗਣ ਵਾਲਾ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਹੈ।
ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਹਾਲ ਹੀ ਵਿੱਚ ਗੁਰਚੇਤ ਚਿੱਤਰਕਾਰ ਆਪਣੀ ਇੱਕ ਇੰਟਰਵਿਊ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਦਰਅਸਲ, ਇੱਕ ਇੰਟਰਵਿਊ ਵਿੱਚ ਜਦੋਂ ਕਲਾਕਾਰ ਤੋਂ ਪੁੱਛਿਆ ਗਿਆ ਕਿ ਤੁਸੀਂ ਚਿੱਟੇ ਵਾਲੇ ਮਸਲੇ ਉਤੇ ਹਮੇਸ਼ਾ ਨਿਡਰ ਹੋ ਕੇ ਬੋਲਦੇ ਰਹੇ ਹੋ, ਇਸ ਕੀ ਕਾਰਨ ਹੈ?
ਬਹੁਤ ਬੁੱਝੇ ਹੋਏ ਮਨ ਨਾਲ ਇਸ ਸੁਆਲ ਦਾ ਜੁਆਬ ਦਿੰਦੇ ਹੋਏ ਕਾਮੇਡੀ ਕਲਾਕਾਰ ਨੇ ਕਿਹਾ, 'ਚਿੱਟੇ ਉਤੇ ਬੋਲਣਾ ਪੈਂਦਾ ਹੈ, ਚਿੱਟੇ ਨੇ ਸਾਡੇ ਦੋ ਪੁੱਤ ਖਾਹ ਲਏ, ਇੱਕ ਮੇਰੇ ਸਾਲੇ ਦਾ ਮੁੰਡਾ ਅਤੇ ਇੱਕ ਮੇਰੇ ਸਾਢੂ ਦਾ ਮੁੰਡਾ। ਇਹ ਦੋਵੇਂ ਚਿੱਟੇ ਦੀ ਭੇਂਟ ਚੜ੍ਹ ਗਏ।'
'ਆਪ ਸਰਕਾਰ' ਉਤੇ ਵਰ੍ਹੇ ਗੁਰਚੇਤ ਚਿੱਤਰਕਾਰ
ਅਦਾਕਾਰ ਨੇ ਅੱਗੇ ਕਿਹਾ, 'ਮੈਂ ਉਸ ਸਮੇਂ ਪਾਰਟੀ ਦੇ ਨਾਲ ਬੋਲਦਾ ਹੁੰਦਾ ਸੀ ਕਿ ਹੁਣ ਚਿੱਟਾ ਬੰਦ ਹੋਜੂ, ਹਰੇਕ ਨੂੰ ਭਰੋਸਾ ਵੀ ਸੀ ਕਿ ਜੋ ਚੀਜ਼ ਗਲਤ ਹੋ ਰਹੀ ਹੈ, ਉਹ ਸਹੀ ਹੋ ਜਾਵੇਗੀ, ਪਰ ਨਹੀਂ ਹੋਇਆ, ਜਿਵੇਂ ਹਥਿਆਰਾਂ ਉਤੇ ਪਾਬੰਦੀ ਲਾਈ ਜਾ ਸਕਦੀ ਹੈ, ਉਸੇ ਤਰ੍ਹਾਂ ਚਿੱਟਾ ਬੰਦ ਕਰਵਾਉਣਾ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ। ਚਿੱਟਾ ਓਨ੍ਹਾਂ ਟਾਈਮ ਬੰਦ ਨਹੀਂ ਹੁੰਦਾ, ਜਿੰਨਾ ਚਿਰ ਲੀਡਰ ਨਹੀਂ ਚਾਹੁੰਦੇ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਹੁਣ ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਮੈਨੂੰ ਕਹਿੰਦੇ ਹਨ ਕਿ ਚਿੱਟਾ ਤੇਰਾ ਬੰਦ ਨਹੀਂ ਹੋਇਆ, ਮੈਂ ਨਾਟਕਾਂ ਰਾਹੀਂ ਉਸ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਸਰਕਾਰ ਬਣਾਓ, ਚਿੱਟਾ ਬੰਦ ਹੋ ਜਾਵੇਗਾ। ਹੁਣ ਲੋਕ ਮੈਨੂੰ ਸੁਆਲ ਕਰਦੇ ਹਨ।'
ਇਸ ਦੌਰਾਨ ਜੇਕਰ ਗੁਰਚੇਤ ਚਿੱਤਰਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਆਪਣੀ ਨਵੀਂ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਦਾ ਸਿਰਲੇਖ 'ਮੁਰਦੇ ਲੋਕ' ਹੈ, ਜਿਸ ਦਾ ਸ਼ਾਨਦਾਰ ਪੋਸਟਰ ਵੀ ਰਿਲੀਜ਼ ਹੋ ਗਿਆ ਹੈ।
ਇਹ ਵੀ ਪੜ੍ਹੋ: