ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ 'ਚ ਬਰਾਬਰਤਾ ਨਾਲ ਅਪਣੀ ਸ਼ਾਨਦਾਰ ਬਣੀ ਧਾਂਕ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਹਨ ਗਿੱਪੀ ਗਰੇਵਾਲ, ਜੋ ਅਪਣਾ ਨਵਾਂ ਗਾਣਾ 'ਜੁੱਤੀ ਕਸੂਰੀ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਗਾਇਕੀ ਦਾ ਇਜ਼ਹਾਰ ਕਰਵਾਉਂਦਾ ਇਹ ਟਰੈਕ ਕੱਲ੍ਹ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਮੌਜ਼ੂਦਗੀ ਦਰਜ ਕਰਵਾਏਗਾ।
'ਟਿਪਸ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਪੇਸ਼ਕਰਤਾ ਕੁਮਾਰ ਤੁਰਾਨੀ ਵੱਲੋਂ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਬੀਟ ਗੀਤ ਨੂੰ ਕਾਫ਼ੀ ਵੱਡੇ ਪੱਧਰ ਉਪਰ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਅਤੇ ਬਿੱਗ ਸੈਟਅੱਪ ਅਤੇ ਸਕੇਲ ਅਧੀਨ ਫਿਲਮਾਇਆ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ 'ਨਾਗਨੀ' ਤੋਂ ਬਾਅਦ ਬੈਕ-ਟੂ-ਬੈਕ ਜਾਰੀ ਕੀਤਾ ਜਾ ਰਿਹਾ ਗਿੱਪੀ ਗਰੇਵਾਲ ਦਾ ਇਹ ਦੂਜਾ ਵੱਡਾ ਟ੍ਰੈਕ ਹੋਵੇਗਾ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਭਾਰਤੀ ਕ੍ਰਿਕਟ ਯੁਜਵੇਂਦਰ ਚਾਹਲ ਦੀ ਪਤਨੀ ਅਤੇ ਚਰਚਿਤ ਮਾਡਲ ਧਨਸ਼੍ਰੀ ਵਰਮਾ ਵੀ ਅਹਿਮ ਭੂਮਿਕਾ ਨਿਭਾਵੇਗੀ, ਜੋ ਇਸ ਤੋਂ ਪਹਿਲਾਂ ਜੱਸੀ ਗਿੱਲ, ਸਿਮਰ ਕੌਰ ਅਤੇ ਅਪਾਰਸ਼ਕਤੀ ਖੁਰਾਣਾ ਦੇ ਨਾਲ ਵੀ ਕਈ ਗਾਣਿਆਂ ਵਿੱਚ ਸ਼ਾਨਦਾਰ ਕਲੋਬਰੇਸ਼ਨ ਨੂੰ ਅੰਜ਼ਾਮ ਦੇ ਚੁੱਕੀ ਹੈ।
'ਟਿਪਸ' ਵੱਲੋਂ ਬਣਾਈ ਜਾ ਰਹੀ ਮਲਟੀ-ਸਟਾਰਰ ਅਤੇ ਬਿੱਗ ਬਜਟ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਤੋਂ ਬਾਅਦ ਗਿੱਪੀ ਗਰੇਵਾਲ ਦਾ 'ਟਿਪਸ ਫਿਲਮਜ਼' ਅਤੇ 'ਮਿਊਜ਼ਿਕ ਕੰਪਨੀ' ਨਾਲ ਇਹ ਦੂਜਾ ਵੱਡਾ ਉੱਦਮ ਹੋਵੇਗਾ, ਜਿਸ ਸੰਬੰਧਤ ਗਾਣੇ ਦੇ ਸੰਗੀਤਕ ਵੀਡੀਓ ਨੂੰ ਵਿਸ਼ੇਸ਼ ਤੌਰ ਉਤੇ ਲਗਾਏ ਗਏ ਬੇਹੱਦ ਵਿਸ਼ਾਲ ਅਤੇ ਮਨਮੋਹਕ ਸੈੱਟ ਉਪਰ ਕੈਮਰਾਬੱਧ ਕੀਤਾ ਗਿਆ ਹੈ।
ਓਧਰ ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਇੰਨੀ ਦਿਨੀਂ ਅਪਣੇ ਇੱਕ ਹੋਰ ਵੱਡੇ ਅਤੇ ਡਰੀਮ ਫਿਲਮ ਪ੍ਰੋਜੈਕਟ 'ਅਕਾਲ' ਨੂੰ ਆਖ਼ਰੀ ਸ਼ੂਟਿੰਗ ਛੋਹਾਂ ਦੇ ਰਹੇ ਹਨ, ਜਿਸ ਦਾ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਨਾਲ ਜਾਰੀ ਹੈ।
ਇਹ ਵੀ ਪੜ੍ਹੋ: