ਚੰਡੀਗੜ੍ਹ: ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ 'ਅਕਾਲ' ਦੇ ਟੀਜ਼ਰ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ 'ਚ ਅਦਾਕਾਰ ਦਾ ਡੈਸ਼ਿੰਗ ਅਵਤਾਰ ਨਜ਼ਰ ਆ ਰਿਹਾ ਹੈ। ਉਹ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਇਹ ਫਿਲਮ ਇਸ ਲਈ ਵੀ ਖਾਸ ਹੈ, ਕਿਉਂਕਿ ਗਿੱਪੀ ਨੇ ਖੁਦ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਫਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਵਿਸਾਖੀ ਦੇ ਖਾਸ ਮੌਕੇ ਯਾਨੀ 10 ਅਪ੍ਰੈਲ 2025 ਨੂੰ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਨਿਮਰਤ ਖਹਿਰਾ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕਿਤਿਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਜੱਗੀ ਸਿੰਘ ਅਤੇ ਭਾਨਾ ਲਾ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਗਿੱਪੀ ਦੀ ਇਸ ਫਿਲਮ ਨੂੰ ਅਦਾਕਾਰ ਨੇ ਖੁਦ ਅਤੇ ਉਸਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਕਿਸ ਤਰ੍ਹਾਂ ਦਾ ਹੈ ਟੀਜ਼ਰ
ਟੀਜ਼ਰ ਦੀ ਸ਼ੁਰੂਆਤ ਗਰੇਵਾਲ ਦੀ ਗਰਜਦੀ ਅਵਾਜ਼ ਨਾਲ ਹੁੰਦੀ ਹੈ, ਜਿੱਥੇ ਗਿੱਪੀ ਕਹਿੰਦੇ ਹਨ ਕਿ 'ਇਤਿਹਾਸ ਗਵਾਹ ਹੈ, ਕੁਦਰਤ ਨੇ ਅਜਿਹਾ ਕੋਈ ਵੀ ਮੈਦਾਨ ਨਹੀਂ ਬਣਾਇਆ, ਜਿੱਥੋਂ ਇੱਕ ਵੀ ਸਿੰਘ ਪਿੱਠ ਦਿਖਾ ਕੇ ਭੱਜਿਆ ਹੋਵੇ, ਖ਼ਾਲਸੇ ਦਾ ਅਸੂਲ ਹੈ, ਦਰ ਉਤੇ ਆਏ ਨੂੰ ਦੇਗ਼ ਪੱਕੀ, ਚੜ੍ਹ ਕੇ ਆਏ ਨੂੰ ਤੇਗ਼ ਪੱਕੀ।'
ਟੀਜ਼ਰ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਹੁਣ ਜੇਕਰ ਟੀਜ਼ਰ ਬਾਰੇ ਗੱਲ ਕਰੀਏ ਤਾਂ ਟੀਜ਼ਰ ਇਸ ਸਮੇਂ ਸ਼ੋਸ਼ਲ ਪਲੇਟਫਾਰਮ ਉਤੇ ਟ੍ਰੈਂਡ ਕਰ ਰਿਹਾ ਹੈ। ਟੀਜ਼ਰ ਨੂੰ ਲੈ ਕੇ ਸਭ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਹਨ, ਇੱਕ ਨੇ ਲਿਖਿਆ, 'ਇਸ ਵਾਰ ਵਿਸਾਖੀ ਤੋਂ ਪਹਿਲਾਂ ਸਿਨੇਮਾ ਵਿੱਚ ਵੀ ਵਿਸਾਖੀ ਦਾ ਮੇਲਾ ਦਿਖੇਗਾ।' ਇੱਕ ਹੋਰ ਨੇ ਲਿਖਿਆ, 'ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਇਤਿਹਾਸ ਉਤੇ ਫਿਲਮ ਬਣਾਉਣ ਲਈ।' ਇੱਕ ਹੋਰ ਨੇ ਲਿਖਿਆ, 'ਬਾਈ ਜੀ...ਨਜ਼ਾਰਾ ਲਿਆ ਦਿੱਤਾ, ਹੁਣ ਤਾਂ ਬੇਸਬਰੀ ਨਾਲ ਇੰਤਜ਼ਾਰ ਹੈ ਮੂਵੀ ਦਾ...ਸਾਡੀ ਮਾਂ ਬੋਲੀ 'ਚ ਸਾਡੇ ਵਿਰਸੇ ਦੀ ਸਾਡੇ ਇਤਹਾਸ ਦੀ ਫਿਲਮ ਦੇਖਣ ਨੂੰ ਮਿਲੂ, ਉਹ ਵੀ ਐਕਸ਼ਨ ਵਾਲੀ ਜ਼ਬਰਦਸਤ, ਧੰਨਵਾਦ ਜੀ ਸਾਡੇ ਲਈ ਤੁਸੀਂ ਕੁਝ ਵਧੀਆ ਲੈ ਕੇ ਆਏ।' ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਰੋਤੇ ਇਸੇ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ: