ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਸਤਿੰਦਰ ਸਰਤਾਜ ਆਪਣੇ ਸਦਾ ਬਹਾਰ ਗੀਤਾਂ ਲਈ ਜਾਣੇ ਜਾਂਦੇ ਹਨ, ਗਾਇਕ ਦੇ ਗੀਤਾਂ ਦੇ ਸ਼ਬਦ ਹਰ ਕਿਸੇ ਨੂੰ ਮੋਹਿਤ ਕਰ ਦਿੰਦੇ ਹਨ, ਇਸ ਲਈ ਗਾਇਕ ਨੂੰ ਸਦਾ ਬਹਾਰ ਗਾਇਕ ਕਹਿ ਦੇਣਾ ਕੋਈ ਅਤਿਕਥਨੀ ਨਹੀਂ ਹੋਵੇਗਾ।
ਗਾਇਨ ਕਲਾ ਵਿੱਚ ਪੀਐੱਚਡੀ ਕਰਨ ਵਾਲੇ ਇਸ ਗਾਇਕ ਬਾਰੇ ਮੰਨਿਆ ਜਾਂਦਾ ਹੈ ਕਿ ਗਾਇਕ ਨੂੰ ਪਿਆਰ, ਨਫ਼ਰਤ, ਰਿਸ਼ਤੇ ਵਰਗੇ ਗੁੰਝਲਦਾਰ ਮਸਲਿਆਂ ਉਤੇ ਕਾਫੀ ਸਮਝ ਹੈ, ਹਾਲਾਂਕਿ ਅਕਸਰ ਹੀ ਗਾਇਕ ਨੂੰ ਇੰਨ੍ਹਾਂ ਉਤੇ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੰਦੇ ਹੋਏ ਵੀ ਦੇਖਿਆ ਜਾਂਦਾ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਇੱਕ ਵੀਡੀਓ ਇੰਸਟਾਗ੍ਰਾਮ ਉਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਾਇਕ ਸਭ ਨੂੰ ਪਿਆਰ ਕੀ ਹੁੰਦਾ ਹੈ ਇਹ ਦੱਸਦੇ ਨਜ਼ਰ ਆ ਰਹੇ ਹਨ।
ਸਤਿੰਦਰ ਸਰਤਾਜ ਅਨੁਸਾਰ ਕੀ ਹੈ ਪਿਆਰ
ਆਪਣੀ ਵੀਡੀਓ ਵਿੱਚ ਗਾਇਕ ਪਿਆਰ ਦੀ ਪਰਿਭਾਸ਼ਾ ਦਿੰਦੇ ਨਜ਼ਰੀ ਪੈ ਰਹੇ ਹਨ ਅਤੇ ਕਹਿੰਦੇ ਹਨ, 'ਮੁਹੱਬਤ-ਪਿਆਰ ਮੇਰੇ ਹਿਸਾਬ ਨਾਲ ਸਮਰਪਨ ਦਾ ਨਾਂਅ ਹੈ, ਜਦੋਂ ਤੁਸੀਂ ਆਪਣਾ ਆਪਾਂ ਕਿਸੇ ਨੂੰ ਸੌਂਪ ਦਿੰਦੇ ਹੋ, ਉਸ ਦੀ ਜੋ ਖੁਸ਼ੀ ਉਹ ਮਨਜ਼ੂਰ, ਉਸਨੂੰ ਜੋ ਵੀ ਚੰਗਾ ਲੱਗੇ ਮਨਜ਼ੂਰ, ਫਿਰ ਉਹ ਵੀ ਤੁਹਾਡੇ ਲਈ ਉਸੇ ਤਰ੍ਹਾਂ ਕਰੇ, ਉਸ ਨੂੰ ਪਿਆਰ ਕਹਿੰਦੇ ਹਨ।'
ਵੀਡੀਓ ਦੇਖ ਕੀ ਬੋਲੇ ਪ੍ਰਸ਼ੰਸਕ
ਇਸ ਵੀਡੀਓ ਉਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਬਿਲਕੁੱਲ ਸਹੀ ਪਰਿਭਾਸ਼ਾ।' ਇਸ ਤੋਂ ਇਲਾਵਾ ਕਈਆਂ ਨੇ ਲਾਲ ਦਿਲ ਦੇ ਇਮੋਜੀ ਨਾਲ ਆਪਣੀ ਭਾਵਨਾ ਵਿਅਕਤ ਕੀਤੀ ਅਤੇ ਵੀਡੀਓ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਸਤਿੰਦਰ ਸਰਤਾਜ ਦਾ ਵਰਕਫਰੰਟ
ਇਸ ਦੌਰਾਨ ਜੇਕਰ ਗਾਇਕ-ਅਦਾਕਾਰ ਸਤਿੰਦਰ ਸਰਤਾਜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਸਿੰਮੀ ਚਾਹਲ ਨਾਲ ਆਪਣੀ ਨਵੀਂ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ ਇਸ ਫਿਲਮ ਦਾ ਸ਼ਾਨਦਾਰ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗਾਇਕ ਨਾਲੋਂ-ਨਾਲ ਆਪਣੇ ਗੀਤਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।
ਇਹ ਵੀ ਪੜ੍ਹੋ: