ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਲੇਖਕ ਅਤੇ ਨਿਰਦੇਸ਼ਕ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਅਮਰਦੀਪ ਸਿੰਘ ਗਿੱਲ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਪੰਜਾਬੀ ਫਿਲਮ 'ਗਲੀ ਨੰਬਰ ਕੋਈ ਨਹੀਂ' ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਸੰਬੰਧਤ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
'ਅਮਰ ਦੀਪ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ ਭਰਪੂਰ ਫਿਲਮ ਦੇ ਸਕ੍ਰੀਨ ਪਲੇ ਅਤੇ ਡਾਇਲਾਗ ਲੇਖਨ ਦੇ ਨਾਲ-ਨਾਲ ਨਿਰਦੇਸ਼ਨ ਜ਼ਿੰਮੇਵਾਰੀ ਵੀ ਅਮਰਦੀਪ ਸਿੰਘ ਗਿੱਲ ਖੁਦ ਸੰਭਾਲ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਸ ਆਫ-ਬੀਟ ਫਿਲਮ ਦੇ ਕਹਾਣੀਕਾਰ ਅਨੇਮਨ ਸਿੰਘ, ਕੈਮਰਾਮੈਨ ਅਰੁਣਦੀਪ ਤੇਜ਼ੀ, ਐਸੋਸੀਏਟ ਨਿਰਦੇਸ਼ਕ ਜੀਤ ਜਹੂਰ, ਕਾਰਜਕਾਰੀ ਨਿਰਮਾਤਾ ਕੁੱਲ ਸਿੱਧੂ, ਕਲਾ ਨਿਰਦੇਸ਼ਕ ਗਗਨਦੀਪ ਜੈਤੋ ਅਤੇ ਲਾਈਨ ਨਿਰਮਾਤਾ ਸਾਂਵਲ ਗਿੱਲ ਅਤੇ ਬਖ਼ਤਾਵਰ ਹਨ।
ਮਾਲਵਾ ਦੇ ਜ਼ਿਲ੍ਹਾ ਬਠਿੰਡਾ ਅਤੇ ਲਾਗਲੇ ਇਲਾਕਿਆਂ ਵਿੱਚ ਅਗਲੇ ਦਿਨਾਂ ਦੌਰਾਨ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਨਾਮਵਰ ਐਕਟਰਜ਼ ਤੋਂ ਇਲਾਵਾ ਥੀਏਟਰ ਜਗਤ ਦੇ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਵਾਂ ਨੂੰ ਫਿਲਮ ਨਿਰਮਾਣ ਹਾਊਸ ਵੱਲੋਂ ਜਲਦ ਰਿਵੀਲ ਕੀਤਾ ਜਾਵੇਗਾ।
ਬਤੌਰ ਗੀਤਕਾਰ ਪੰਜਾਬੀ ਸੰਗੀਤ ਜਗਤ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਅਮਰਦੀਪ ਸਿੰਘ ਗਿੱਲ, ਜਿੰਨ੍ਹਾਂ ਵੱਲੋਂ ਲਿਖੇ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਇਸ਼ਕੇ ਦੀ ਮਾਰ' (ਰਾਣੀ ਰਣਦੀਪ), 'ਜੇ ਮਿਲੇ ਉਹ ਕੁੜੀ' (ਅਮਰਿੰਦਰ ਗਿੱਲ) ਅਤੇ 'ਸਿੱਲੀ ਸਿੱਲੀ ਆਉਂਦੀ ਏ ਹਵਾ' ਹੰਸ ਰਾਜ ਹੰਸ ਆਦਿ ਸ਼ਾਮਿਲ ਰਹੇ ਹਨ।
ਸਾਲ 2014 ਵਿੱਚ ਰਿਲੀਜ਼ ਹੋਈ ਪੰਜਾਬੀ ਲਘੂ ਫਿਲਮ 'ਸੁੱਤਾ ਨਾਗ' ਨਾਲ ਪੰਜਾਬੀ ਫਿਲਮਾਂ ਦੀ ਦੁਨੀਆਂ ਵਿੱਚ ਸ਼ਾਨਦਾਰ ਆਮਦ ਕਰਨ ਵਾਲੇ ਅਮਰਦੀਪ ਸਿੰਘ ਗਿੱਲ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਜ਼ੋਰਾ ਦਸ ਨੰਬਰੀਆਂ', 'ਜ਼ੋਰਾ ਚੈਪਟਰ 2' ਆਦਿ ਵੀ ਸ਼ੁਮਾਰ ਰਹੀਆਂ ਹਨ।
ਇਹ ਵੀ ਪੜ੍ਹੋ: