ਫਰੀਦਕੋਟ: ਦਿਲ-ਲੁਮਿਨਾਤੀ ਟੂਰ 2024 ਅਧੀਨ ਦੁਨੀਆਂ-ਭਰ ਵਿਚ ਅਪਣੀ ਗਾਇਨ ਕਲਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ ਦਿਲਜੀਤ ਦੋਸਾਂਝ, ਜਿੰਨਾਂ ਦੀ ਫ਼ਿਲਮ 'ਪੰਜਾਬ 95' ਆਖ਼ਿਰਕਾਰ ਰਿਲੀਜ਼ ਲਈ ਤਿਆਰ ਹੈ, ਜੋ ਪਹਿਲੇ ਪੜ੍ਹਾਅ ਅਧੀਨ ਅੰਤਰਰਾਸ਼ਟਰੀ ਪੱਧਰ ਦੇ ਸਿਨੇਮਾਂ ਘਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਹੈ।
ਯੂ ਟਿਊਬ ਤੋਂ ਹਟਾਇਆ ਟ੍ਰੇਲਰ
ਦੱਸ ਦਈਏ ਕਿ ਇਹ ਫਿਲਾਮ ਭਾਰਤ ਵਿੱਚ ਨਹੀਂ ਰਿਲੀਜ਼ ਹੋਵੇਗੀ। ਭਾਰਤ ਵਿੱਚ ਯੂ ਟਿਊਬ ਤੋਂ ਫਿਲਮ ਦਾ ਟ੍ਰੇਲਰ ਵੀ ਹਟਾ ਦਿੱਤਾ ਗਿਆ ਹੈ। 7 ਫ਼ਰਵਰੀ ਨੂੰ ਸਾਹਮਣੇ ਲਿਆਂਦੀ ਜਾ ਰਹੀ ਉਕਤ ਫ਼ਿਲਮ ਦਾ ਟ੍ਰੇਲਰ ਵੀ ਜਾਰੀ ਕੀਤਾ ਗਿਆ ਸੀ, ਜਿਸ ਨੂੰ ਹਰ ਪਾਸਿਓ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਸੀ।
ਜਸਵੰਤ ਸਿੰਘ ਖਾਲੜਾ ਉੱਤੇ ਬਣੀ ਹੈ ਫਿਲਮ
ਮਨੁੱਖੀ ਅਧਿਕਾਰ ਕਾਰਕੁਨ ਰਹੇ ਸਵ: ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਪੜਾਵਾਂ 'ਤੇ ਅਧਾਰਤ, ਇਹ ਫਿਲਮ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਆਫ ਇੰਡੀਆ ਨਾਲ ਵਿਵਾਦ ਕਾਰਨ ਲੰਮੇਂ ਸਮੇਂ ਤੋਂ ਰਿਲੀਜ਼ ਹੋਣ ਦਾ ਪੰਧ ਤੈਅ ਨਹੀਂ ਕਰ ਸਕੀ। ਪਰ ਹੁਣ ਅਗਲੇ ਫਰਵਰੀ ਮਹੀਨੇ ਇਸ ਨੂੰ ਰਿਲੀਜ਼ ਕੀਤੇ ਜਾਣ ਦਾ ਐਲਾਨ ਸਬੰਧਤ ਨਿਰਮਾਣ ਹਾਊਸ ਵੱਲੋ ਕਰ ਦਿੱਤਾ ਹੈ। ਆਲਮੀਪੱਧਰ ਉੱਪਰ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫ਼ਿਲਮ ਦੇ ਕਈ ਦ੍ਰਿਸ਼ਾਂ ਨੂੰ ਲੈ ਕੇ ਸੀਬੀਐਫਸੀ ਦੁਆਰਾ ਇਤਰਾਜ਼ ਪ੍ਰਗਟਾਇਆ ਗਿਆ ਸੀ ਅਤੇ 120 ਕੱਟਾਂ ਦੀ ਹਿਦਾਇਤ ਕੀਤੀ ਗਈ ਸੀ, ਪਰ ਫਿਲਮ ਦੇ ਲੀਡ ਅਦਾਕਾਰ ਦਿਲਜੀਤ ਦੋਸਾਂਝ ਨੇ ਜਾਣਕਾਰੀ ਸਾਂਝਿਆ ਕਰਦਿਆ ਦੱਸਿਆ ਹੈ ਕਿ ਫ਼ਿਲਮ ਨੂੰ ਬਿਨ੍ਹਾਂ ਕਿਸੇ ਕੱਟ ਦੇ ਵਿਦੇਸ਼ੀ ਹਿੱਸਿਆਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।
ਆਰਐੱਸਵੀਪੀ ਫ਼ਿਲਮਜ ਦੇ ਬੈਨਰ ਹੇਠ ਬਣਾਈ ਗਈ ਉਕਤ ਫ਼ਿਲਮ ਦਾ ਨਿਰਮਾਣ ਰੋਣੀ ਸਕਰੂਵਾਲਾ ਅਤੇ ਹਨੀ ਤ੍ਰੇਹਨ ਦੁਆਰਾ , ਜਦਕਿ ਨਿਰਦੇਸ਼ਨ ਹਨੀ ਤ੍ਰੇਹਨ ਵੱਲੋ ਕੀਤਾ ਗਿਆ ਹੈ । ਬਿੱਗ ਸੈੱਟਅੱਪ ਅਧੀਨ ਬਣਾਈ ਗਈ ਇਸ ਫ਼ਿਲਮ ਵਿਚ ਦਿਲਜੀਤ ਦੋਸਾਂਝ ਲੀਡ ਰੋਲ ਵਿਚ ਹਨ, ਜਿੰਨਾਂ ਤੋਂ ਇਲਾਵਾ ਅਰੁਜਨ ਰਾਮਪਾਲ, ਸ਼ਵਿੰਦਰ ਵਿੱਕੀ, ਜਗਜੀਤ ਸੰਧੂ ਵੱਲੋ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।