ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਕਈ ਨਵੇਂ ਆਯਾਮ ਕਾਇਮ ਕਰ ਚੁੱਕੇ ਦਿਲਜੀਤ ਦੁਸਾਂਝ ਹੁਣ ਬਾਲੀਵੁੱਡ ਵਿਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨਾਂ ਦੇ ਮੁੰਬਈ ਗਲਿਆਰਿਆਂ ਵਿੱਚ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਮਾਣਮੱਤੇ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਨਵੀਂ ਅਤੇ ਬਿੱਗ ਸੈਟਅੱਪ ਹਿੰਦੀ ਫਿਲਮ 'ਦਿ ਕਰੂ', ਜਿਸ ਦਾ ਪਲੇਠਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਬਾਲਾਜੀ ਟੈਲੀ ਫਿਲਮਜ਼', 'ਅਨਿਲ ਕਪੂਰ ਫਿਲਮਜ਼' ਅਤੇ 'ਕਮਿਊਨੀਕੇਸ਼ਨ ਪ੍ਰੋਡੋਕਸ਼ਨ' ਵੱਲੋ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਹਨ ਸ਼ੋਭਾ ਕਪੂਰ, ਅਨਿਲ ਕਪੂਰ, ਏਕਤਾ ਕਪੂਰ ਅਤੇ ਰੀਆ ਕਪੂਰ, ਜੋ ਇਸ ਤੋਂ ਪਹਿਲਾਂ ਵੀ ਇਕੱਠਿਆਂ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਹਾਲੀਆ ਸਮੇਂ ਦੌਰਾਨ 'ਉੜਤਾ ਪੰਜਾਬ', 'ਗੁੱਡ ਨਿਊਜ਼' ਵਰਗੀਆਂ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਆਪਣੀ ਇਸ ਇੱਕ ਹੋਰ ਮਹੱਤਵਪੂਰਨ ਹਿੰਦੀ ਫਿਲਮ ਵਿੱਚ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਜਿਹੀਆਂ ਸ਼ਾਨਦਾਰ ਅਤੇ ਮੰਝੀਆਂ ਹੋਈਆਂ ਅਦਾਕਾਰਾਂ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਇਹ ਵਰਸਟਾਈਲ ਐਕਟਰ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਉਕਤ ਫਿਲਮ ਦਾ ਨਿਰਦੇਸ਼ਨ ਰਾਜੇਸ਼ ਏ ਕ੍ਰਿਸ਼ਨਨ ਦੁਆਰਾ ਕੀਤਾ ਗਿਆ ਹੈ, ਜਿੰਨਾਂ ਦੀ ਬਿਹਤਰੀਨ ਫਿਲਮਕਾਰੀ ਦਾ ਇੱਕ ਵਾਰ ਫਿਰ ਅਹਿਸਾਸ ਕਰਵਾਉਣ ਜਾ ਰਹੀ ਇਹ ਫਿਲਮ ਕਾਮੇਡੀ-ਡਰਾਮਾ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਇਸਦਾ ਉਮਦਾ ਸੰਗੀਤਕ ਰੰਗ ਵੀ ਅਹਿਮ ਭੂਮਿਕਾ ਨਿਭਾਵੇਗਾ।
ਮੁੰਬਈ ਤੋਂ ਇਲਾਵਾ ਵੱਖ-ਵੱਖ ਵਿਦੇਸ਼ੀ ਲੋਕੇਸ਼ਨਜ ਉਪਰ ਫਿਲਮਬੱਧ ਕੀਤੀ ਇਹ ਫਿਲਮ ਤਿੰਨ ਅਜਿਹੀਆਂ ਆਧੁਨਿਕ ਔਰਤਾਂ ਦੀ ਕਹਾਣੀ ਹੈ, ਜੋ ਆਪਣੀ ਜ਼ਿੰਦਗੀ 'ਚ ਹਰ ਹੀਲੇ ਅੱਗੇ ਵਧਣ ਲਈ ਯਤਨਸ਼ੀਲ ਰਹਿੰਦੀਆਂ ਹਨ। ਪਰ ਉਨਾਂ ਦੀ ਇਸ ਸੋਚ ਅਤੇ ਸਫਰ ਦਰਮਿਆਨ ਅਚਾਨਕ ਕੁਝ ਪਰ-ਸਥਿਤੀਆਂ ਦੀਵਾਰ ਪੈਦਾ ਕਰ ਦਿੰਦੀਆਂ ਹਨ, ਜਿਸ ਦਾ ਸਾਹਮਣਾ ਉਹ ਕਿੰਝ ਕਰਦੀਆਂ ਹਨ, ਇਸੇ ਦਾ ਦਿਲਚਸਪੀ ਨਾਲ ਪ੍ਰਗਟਾਵਾ ਕਰੇਗੀ ਇਹ ਫਿਲਮ, ਜਿਸ ਵਿੱਚ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਨਿਵੇਕਲੀ ਅਦਾਕਾਰੀ ਦੇ ਹੋਰ ਕਈ ਪ੍ਰਭਾਵੀ ਨਵੇਂ ਸ਼ੇਡਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
29 ਮਾਰਚ 2024 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਕਪਿਲ ਸ਼ਰਮਾ ਵੀ ਮਹਿਮਾਨ ਭੂਮਿਕਾ ਨਿਭਾਉਂਦੇ ਵਿਖਾਈ ਦੇਣਗੇ।