ਚੰਡੀਗੜ੍ਹ: 'ਦਿਲ ਲੂਮੀਨਾਟੀ' ਟੂਰ ਅਧੀਨ ਦੁਨੀਆਂ-ਭਰ ਵਿੱਚ ਅਪਣੀ ਨਾਯਾਬ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਸਟਾਰ ਗਾਇਕ ਦਿਲਜੀਤ ਦੁਸਾਂਝ ਅੱਜ ਦਾ ਸਿਟੀ ਆਫ਼ ਬਿਊਟੀਫੁੱਲ ਵਿਖੇ ਪ੍ਰੋਫਾਰਮ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਵਿਸ਼ਾਲ ਕੰਸਰਟ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ।
'ਦੇਸੀ ਰੋਕ ਸਟਾਰ' ਦੇ ਸੈਕਟਰ-34 ਵਿਖੇ ਹੋਣ ਜਾ ਰਹੇ ਇਸ ਲਾਈਵ ਕੰਸਰਟ ਨੂੰ ਤਿੱਖੀਆਂ ਸ਼ਰਤਾਂ ਬਾਅਦ ਮਨਜ਼ੂਰੀ ਪ੍ਰਸ਼ਾਸ਼ਨ ਵੱਲੋਂ ਦਿੱਤੀ ਗਈ ਹੈ, ਜਿਸ ਅਧੀਨ ਸਖ਼ਤ ਸੁਰੱਖਿਆ ਇੰਤਜ਼ਾਮ ਨੂੰ ਵੀ ਅੰਜ਼ਾਮ ਦਿੱਤਾ ਗਿਆ ਹੈ। ਲੰਮੇਂ ਵਕਫ਼ੇ ਬਾਅਦ ਟ੍ਰਾਈ ਸਿਟੀ ਵਿਖੇ ਹੋਣ ਜਾ ਰਹੇ ਅਤੇ ਵਿਵਾਦ ਦਾ ਹਿੱਸਾ ਵੀ ਬਣੇ ਉਕਤ ਸ਼ੋਅ ਲਈ ਸੰਬੰਧਤ ਗਾਇਕ ਅਤੇ ਸ਼ੋਅ ਪ੍ਰਬੰਧਨ ਟੀਮਾਂ ਨੂੰ ਕਈ ਤਰ੍ਹਾਂ ਦੀਆਂ ਅਗਾਊਂ ਮਨਜੂਰੀਆਂ ਲੈਣ ਦੀ ਹਿਦਾਇਤ ਵੀ ਕੀਤੀ ਗਈ ਸੀ, ਜੋ ਕਿ ਆਖਿਰਕਾਰ ਉਨ੍ਹਾਂ ਵੱਲੋਂ ਲੈ ਲਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਫਾਇਰ ਡਿਪਾਰਟਮੈਂਟ, ਪੁਲਿਸ ਅਤੇ ਪ੍ਰਸਾਸ਼ਨ ਦੀ ਕਲੀਰੈਂਸ ਸ਼ਾਮਿਲ ਰਹੀ ਹੈ।
ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਹੋਰਨਾਂ ਹਿੱਸਿਆਂ ਪੰਜਾਬ, ਹਿਮਾਚਲ ਅਤੇ ਹਰਿਆਣਾ ਲਈ ਚਰਚਾ ਅਤੇ ਖਿੱਚਦਾ ਕੇਂਦਰ ਬਣੇ ਉਕਤ ਸ਼ੋਅ ਵਿੱਚ ਵੱਡੀ ਤਾਦਾਦ ਦਰਸ਼ਕਾਂ ਦੇ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਨੂੰ ਵੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2500 ਦੇ ਕਰੀਬ ਪੁਲਿਸ ਟੀਮਾਂ ਦਾ ਗਠਨ ਵੀ ਸ਼ੋਅ ਲਈ ਕੀਤਾ ਗਿਆ ਹੈ ਅਤੇ ਇਸੇ ਮੱਦੇਨਜ਼ਰ ਸ਼ੋਅ ਸਥਲ ਦੇ ਲਾਗਲੇ ਹਿੱਸਿਆਂ ਲਈ ਵਿਸ਼ੇਸ਼ ਰੂਟ ਪਲਾਨ ਉਲੀਕਦਿਆਂ ਵੱਡੇ ਵਾਹਨਾਂ ਦੀ ਇੰਨ੍ਹਾਂ ਖੇਤਰਾਂ ਵਿੱਚ ਆਵਾਜ਼ਾਈ ਨੂੰ ਅੱਜ ਦੇ ਦਿਨ ਲਈ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਸਖ਼ਤ ਸ਼ਰਤਾਂ ਅਧੀਨ ਸਾਹਮਣੇ ਆਉਣ ਜਾ ਰਹੇ ਉਕਤ ਸ਼ੋਅ ਲਈ ਗਾਇਕ ਦਿਲਜੀਤ ਦੁਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਕਈ ਤਰ੍ਹਾਂ ਦੀਆਂ ਹੋਰ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਚੱਲਦੇ ਕੰਸਰਟ ਦੌਰਾਨ ਕਿਸੇ ਬੱਚੇ ਨੂੰ ਸਟੇਜ ਉਤੇ ਨਾਂ ਬੁਲਾਉਣਾ, 10 ਵਜੇ ਤੋਂ ਪਹਿਲਾਂ ਸ਼ੋਅ ਨੂੰ ਸਮਾਪਤ ਕਰਨਾ ਅਤੇ ਅਵਾਜ਼ ਦਾਇਰੇ ਨੂੰ ਸੀਮਿਤ ਰੱਖਣਾ ਵੀ ਸ਼ਾਮਿਲ ਹੈ।
ਇਹ ਵੀ ਪੜ੍ਹੋ: