ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜ ਰਹੀ ਹੈ। ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਆਪ ਦਾ ਗਠਜੋੜ ਕਾਂਗਰਸ ਨਾਲ ਹੈ ਪਰ ਪੰਜਾਬ ਵਿੱਚ ਇਹ ਕਾਂਗਰਸ ਦੇ ਵਿਰੁੱਧ ਹੈ। ਪਾਰਟੀ ਵੱਲੋਂ ਜਾਰੀ ਅੱਠ ਉਮੀਦਵਾਰਾਂ ਦੀ ਸੂਚੀ ਵਿੱਚ ਪੰਜ ਮੰਤਰੀ ਸ਼ਾਮਲ ਹਨ ਅਤੇ ਇੱਕ ਨਾਂਅ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਉਲੇਖਯੋਗ ਹੈ ਕਿ ਪਾਰਟੀ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਫਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਅਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਮੀਦਵਾਰ ਬਣਾਇਆ ਹੈ। ਜਦਕਿ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸੂਚੀ 'ਚ ਸਭ ਤੋਂ ਹੈਰਾਨੀਜਨਕ ਨਾਂਅ ਕਰਮਜੀਤ ਅਨਮੋਲ ਦਾ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਅਨਮੋਲ ਇੱਕ ਵਧੀਆ ਕਾਮੇਡੀਅਨ ਅਤੇ ਐਕਟਰ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਅਨਮੋਲ ਨੇ ਪਹਿਲਾਂ ਹੀ ਕਾਫੀ ਸਾਰੇ ਸੀਰੀਅਲ ਪੰਜਾਬ ਦੇ ਸੀਐੱਮ ਮਾਨ ਨਾਲ ਸੰਘਰਸ਼ ਦੇ ਦਿਨਾਂ ਵਿੱਚ ਵੀ ਕੀਤੇ ਹੋਏ ਹਨ।
ਕਰਮਜੀਤ ਅਨਮੋਲ ਬਾਰੇ: ਕਰਮਜੀਤ ਅਨਮੋਲ ਇੱਕ ਭਾਰਤੀ ਕਾਮੇਡੀਅਨ-ਅਦਾਕਾਰ ਅਤੇ ਗਾਇਕ ਹਨ। ਅਦਾਕਾਰ ਨੇ ਗੁਰਦਾਸ ਮਾਨ ਸਟਾਰਰ 'ਚੱਕ ਜਵਾਨ' (2010) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਕਰਮਜੀਤ ਨੇ 'ਜੱਟ ਐਂਡ ਜੂਲੀਅਟ' (2012), 'ਕੈਰੀ ਆਨ ਜੱਟਾ' (2012), 'ਜੱਟ ਏਅਰਵੇਜ਼' (2013), 'ਜੱਟ ਜੇਮਸ ਬਾਂਡ' (2014), 'ਅਰਦਾਸ' (2016), 'ਅੰਬਰਸਰੀਆ' (2016), 'ਨਿੱਕਾ ਜ਼ੈਲਦਾਰ' (2016) ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ 'ਵਧਾਈਆਂ ਜੀ ਵਧਾਈਆਂ', 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼', 'ਆਟੇ ਦੀ ਚਿੜੀ', 'ਰਾਂਝਾ ਰਫਿਊਜੀ', 'ਲਾਟੂ', 'ਮੰਜੇ ਬਿਸਤਰੇ 2', 'ਲੁਕਨ ਮੀਚੀ', 'ਮੁਕਲਾਵਾ', 'ਦੂਰਬੀਨ' ਵਰਗੀਆਂ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਸ਼ਾਮਿਲ ਹਨ।
ਇਸ ਦੌਰਾਨ ਅਦਾਕਾਰ ਦੇ ਵਰਕਫੰਰਟ ਦੀ ਗੱਲ ਕਰੀਏ ਤਾਂ ਉਹ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਵਿੱਚ 'ਹੱਲ ਕਿ ਐ', 'ਨੀ ਮੈਂ ਸੱਸ ਕੁੱਟਣੀ 2' ਵਰਗੀਆਂ ਕਾਫੀ ਸਾਰੀਆਂ ਸ਼ਾਨਦਾਰ ਫਿਲਮਾਂ ਰਿਲੀਜ਼ ਅਧੀਨ ਹਨ। ਇਸ ਤੋਂ ਇਲਾਵਾ ਅਦਾਕਾਰ ਗਾਇਕੀ ਵਿੱਚ ਵੀ ਕਾਫੀ ਸਰਗਰਮ ਹਨ।