ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੇ ਭੁਪਿੰਦਰ ਬੱਬਲ ਅਤੇ ਅੰਮ੍ਰਿਤ ਮਾਨ ਇੱਕ ਵਿਸ਼ੇਸ਼ ਗਾਣਾ 'ਪਾਵਰ ਹਾਊਸ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਪਹਿਲੀ ਵਾਰ ਇਕੱਠਿਆਂ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਅਪਣੇ ਇਸ ਗਾਣੇ ਦੀ ਝਲਕ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਸੰਗੀਤਕ ਵੀਡੀਓ ਵਿੱਚ ਬਾਲੀਵੁੱਡ ਸਟਾਰ ਸੰਜੇ ਦੱਤ ਵੀ ਅਪਣੇ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਂਦੇ ਨਜ਼ਰੀ ਪੈਣਗੇ।
'ਗੁਲਸ਼ਨ ਕੁਮਾਰ' ਅਤੇ 'ਟੀ-ਸੀਰੀਜ਼' ਵੱਲੋਂ 10 ਦਸੰਬਰ ਨੂੰ ਗ੍ਰੈਂਡ ਰੂਪ ਵਿੱਚ ਸੰਗੀਤਕ ਮਾਰਕੀਟ ਵਿੱਚ ਲਾਂਚ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ਾਂ ਅੰਮ੍ਰਿਤ ਮਾਨ ਅਤੇ ਸੰਗੀਤਕ ਸਨਸਨੀ ਬਣੇ ਹੋਏ ਭੁਪਿੰਦਰ ਬੱਬਲ ਵੱਲੋਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਵੱਲੋਂ ਸਿਰਜਿਆ ਅਤੇ ਹਾਲੀਆਂ ਹਿੰਦੀ ਫਿਲਮ 'ਐਨੀਮਲ' ਵਿੱਚ ਗਾਇਆ ਗਾਣਾ 'ਅਰਜੁਨ ਵੈੱਲੀ' ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ।
ਬਾਲੀਵੁੱਡ ਤੋਂ ਲੈ ਕੇ ਪੰਜਾਬੀ ਸੰਗੀਤ ਗਲਿਆਰਿਆਂ ਤੱਕ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਹਿੰਦੀ ਸਿਨੇਮਾ ਸਟਾਰ ਸੰਜੇ ਦੱਤ ਦੁਆਰਾ ਕੀਤੀ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾਵੇਗੀ, ਜੋ ਪਹਿਲੀ ਕਿਸੇ ਮਿਊਜ਼ਿਕ ਵੀਡੀਓ ਦਾ ਹਿੱਸਾ ਬਣੇ ਹਨ।
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਬਹੁਤ ਹੀ ਵੱਡੇ ਗਾਣੇ ਵਜੋਂ ਅਪਣੀ ਆਮਦ ਦਾ ਅਹਿਸਾਸ ਕਰਵਾਉਣ ਜਾ ਰਹੇ ਅਤੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਬਹੁਤ ਹੀ ਵਿਸ਼ਾਲ ਪੱਧਰ ਉੱਪਰ ਫਿਲਮਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਤੇਜ਼ੀ ਸੰਧੂ ਵੱਲੋਂ ਕੀਤਾ ਗਿਆ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਗਾਇਕ ਅੰਮ੍ਰਿਤ ਮਾਨ ਜਲਦ ਹੀ ਸੰਨੀ ਦਿਓਲ ਸਟਾਰਰ ਬਹੁ-ਚਰਚਿਤ ਹਿੰਦੀ ਫਿਲਮ 'ਜਾਟ' ਵਿੱਚ ਵੀ ਅਪਣੀ ਅਵਾਜ਼ ਦਾ ਲੋਹਾ ਮੰਨਵਾਉਣ ਜਾ ਰਹੇ ਹਨ, ਜਿੰਨ੍ਹਾਂ ਦਾ ਗਲੈਮਰ ਵਰਲਡ ਵਿੱਚ ਵੱਧ ਰਿਹਾ ਦਾਇਰਾ ਲਗਾਤਾਰ ਹੋਰ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: