ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਬੇਸਬਰੀ ਨਾਲ ਉਡੀਕੀਆਂ ਜਾਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਪੰਜਾਬੀ ਫਿਲਮ 'ਮਿੱਠੜੇ' ਦੀ ਰਿਲੀਜ਼ ਮਿਤੀ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ, ਜੋ ਨਵ-ਵਰ੍ਹੇ ਦੇ ਪਹਿਲੇ ਪੜਾਅ ਦੌਰਾਨ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।
'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅੰਬਰਦੀਪ ਸਿੰਘ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ ਕਈ ਫਿਲਮਾਂ ਕਾਮਯਾਬੀ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫਲ ਰਹੀਆਂ ਹਨ।
ਪਰਿਵਾਰਕ ਡਰਾਮਾ ਅਤੇ ਭਾਵਨਾਤਮਕ ਕਹਾਣੀ ਤਾਣੇ-ਬਾਣੇ ਅਧੀਨ ਬੁਣੀ ਗਈ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਤਾਨੀਆ, ਲਕਸ਼ ਦੁਲੇਹ, ਰੂਪੀ ਗਿੱਲ, ਨਿਰਮਲ ਰਿਸ਼ੀ, ਬੀਐਨ ਸ਼ਰਮਾ, ਗੁਰਪ੍ਰੀਤ ਭੰਗੂ, ਸੁਖੀ ਚਾਹਲ, ਮਿੰਟੂ ਕਾਪਾ, ਪਰਮਵੀਰ ਸਿੰਘ, ਸੁਵਿਧਾ ਦੁੱਗਲ, ਪਰਮਵੀਰ ਸਿੰਘ ਅਤੇ ਅੰਬਰਦੀਪ ਸਿੰਘ ਖੁਦ ਵੀ ਸ਼ਾਮਿਲ ਹਨ, ਜੋ ਲੇਖਣ ਅਤੇ ਨਿਰਦੇਸ਼ਨਾਂ ਦੇ ਨਾਲ-ਨਾਲ ਅਪਣੀ ਉਮਦਾ ਅਦਾਕਾਰੀ ਦੇ ਜੌਹਰ ਵੀ ਦਿਖਾਉਂਦੇ ਨਜ਼ਰੀ ਆਉਣਗੇ।
ਰਾਜਸਥਾਨ ਦੇ ਸ਼੍ਰੀ ਹਨੂਮਾਨਗੜ੍ਹ, ਸੂਰਤਗੜ੍ਹ, ਸ਼੍ਰੀ ਗੰਗਾਨਗਰ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਦਾ ਸੰਗੀਤ ਅਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੀ ਰਚਨਾ ਹੈਪੀ ਰਾਏਕੋਟੀ, ਬੀਰ ਸਿੰਘ, ਚਰਨ ਲਿਖਾਰੀ ਨੇ ਕੀਤੀ ਹੈ, ਜਿੰਨ੍ਹਾਂ ਦੁਆਰਾ ਲਿਖੇ ਖੂਬਸੂਰਤ ਗੀਤਾਂ ਨੂੰ ਨਾਮੀ ਗਿਰਾਮੀ ਗਾਇਕਾਂ ਵੱਲੋਂ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ।
ਪਾਲੀਵੁੱਡ ਦੀ ਇੱਕ ਹੋਰ ਬਿੱਗ ਸੈੱਟਅੱਪ ਅਤੇ ਬਿਹਤਰੀਨ ਫਿਲਮ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੇ ਪ੍ਰੋਡੋਕਸ਼ਨ ਡਿਜ਼ਾਈਨਰ ਰਾਸ਼ਿਦ ਰੰਗਰੇਜ਼, ਕਾਰਜਕਾਰੀ ਨਿਰਮਾਤਾ ਹਰਦੀਪ ਸਿੰਘ, ਸਿਨੇਮਾਟੋਗ੍ਰਾਫ਼ਰ ਨਵਜੀਤ ਮਿਸਰ, ਰਚਨਾਤਮਕ ਨਿਰਮਾਤਾ ਮਨੋਜ ਸੱਭਰਵਾਲ ਹਨ, ਜੋ ਬਾਲੀਵੁੱਡ ਦੇ ਸੁਪ੍ਰਸਿੱਧ ਲੇਖਕ ਦੇ ਤੌਰ ਉਤੇ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ: