ਚੰਡੀਗੜ੍ਹ: ਬਾਲੀਵੁੱਡ 'ਚ ਸ਼ਾਨਦਾਰ ਪਹਿਚਾਣ ਰੱਖਦੇ ਅਜੇ ਦੇਵਗਨ ਦਾ ਭਤੀਜਾ ਅਮਨ ਦੇਵਗਨ ਅਤੇ ਬਿਹਤਰੀਨ ਅਦਾਕਾਰਾ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੀ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਸਿਲਵਰ ਸਕ੍ਰੀਨ ਉਤੇ ਸ਼ਾਨਦਾਰ ਦਸਤਕ ਦੇਣ ਲਈ ਤਿਆਰ ਹਨ, ਜਿੰਨ੍ਹਾਂ ਦੋਹਾਂ ਦੀ ਪਹਿਲੀ ਫਿਲਮ 'ਆਜ਼ਾਦ' ਦਾ ਜਾਰੀ ਹੋ ਚੁੱਕਿਆ ਟੀਜ਼ਰ ਹਰ ਪਾਸੇ ਧੂੰਮਾਂ ਪਾ ਰਿਹਾ ਹੈ।
ਬੀ-ਟਾਊਨ ਗਲਿਆਰਿਆਂ 'ਚ ਆਕਰਸ਼ਣ ਦਾ ਕੇਂਦਰਬਿੰਦੂ ਬਣੀ ਉਕਤ ਸਨਸਨੀਖੇਜ਼ ਜੋੜੀ ਦੀ ਸਾਹਮਣੇ ਆਉਣ ਜਾ ਰਹੀ ਉਕਤ ਪੀਰੀਅਡ ਡਰਾਮਾ ਅਤੇ ਐਕਸ਼ਨ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਦੁਆਰਾ ਕੀਤਾ ਗਿਆ ਹੈ, ਜੋ 'ਕਾਈ ਪੋ ਛੋ', 'ਕੇਦਾਰਨਾਥ', 'ਰਾਕ ਆਨ' ਅਤੇ 'ਚੰਡੀਗੜ੍ਹ ਕਰੇ ਆਸ਼ਿਕੀ' ਵਰਗੀਆਂ ਬਹੁ-ਚਰਚਿਤ ਅਤੇ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਜਨਵਰੀ 2025 ਵਿੱਚ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਹਲਦੀਘਾਟੀ ਦੀ ਲੜਾਈ 'ਤੇ ਆਧਾਰਿਤ ਹੈ, ਜੋ ਮਹਾਰਾਣਾ ਪ੍ਰਤਾਪ ਦੇ 'ਵਫ਼ਾਦਾਰ ਘੋੜੇ' ਨਾਲ ਜੁੜੀ ਕਹਾਣੀ ਨੂੰ ਵੀ ਪ੍ਰਤੀਬਿੰਬ ਕਰੇਗੀ।
ਹਿੰਦੀ ਸਿਨੇਮਾ ਦੇ ਪ੍ਰਸਿੱਧ ਨਿਰਮਾਤਾਵਾਂ ਰੋਨੀ ਸਕਰੂਵਾਲਾ ਅਤੇ ਪ੍ਰਗਿਆ ਕਪੂਰ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਇੱਕ ਅਸਾਧਾਰਨ ਪ੍ਰੇਮ ਕਹਾਣੀ ਨੂੰ ਵੀ ਪਰਦੇ ਉਪਰ ਰੂਪਮਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਚਾਰ ਚੰਨ ਲਾਉਣਗੇ ਅਮਨ ਦੇਵਗਨ ਅਤੇ ਰਾਸ਼ਾ ਥਡਾਨੀ, ਜੋ ਬੇਹੱਦ ਪ੍ਰਭਾਵੀ ਭੂਮਿਕਾਵਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਮੁੰਬਈ ਦੇ ਚਰਚਿਤ ਸਟਾਰ ਕਿਡਜ਼ 'ਚ ਸ਼ੁਮਾਰ ਰਹੀ ਰਾਸ਼ਾ ਥਡਾਨੀ ਬੀ-ਟਾਊਨ ਪਾਰਟੀਆਂ ਅਤੇ ਸਮਾਰੋਹਾਂ ਵਿੱਚ ਵੀ ਹਮੇਸ਼ਾ ਵੱਧ ਚੜ੍ਹ ਕੇ ਅਪਣੀ ਸ਼ਮੂਲੀਅਤ ਦਰਜ ਕਰਵਾਉਂਦੀ ਰਹੀ ਹੈ, ਜਿਸ ਨੂੰ ਸੈਫ ਅਲੀ ਖਾਨ ਦੇ ਬੇਟੇ ਅਬ੍ਰਾਹਮ ਅਲੀ ਖਾਨ ਨਾਲ ਵੀ ਅਕਸਰ ਦੇਖਿਆ ਜਾਂਦਾ ਹੈ।
ਹਿੰਦੀ ਸਿਨੇਮਾ ਦੀਆਂ ਸਫ਼ਲ ਸਕ੍ਰੀਨ ਜੋੜੀਆਂ ਵਿੱਚ ਸ਼ੁਮਾਰ ਰਹੇ ਹਨ ਅਜੇ ਦੇਵਗਨ ਅਤੇ ਰਵੀਨਾ ਟੰਡਨ, ਜਿੰਨ੍ਹਾਂ ਦੇ ਸਾਲਾਂਬੱਧੀ ਛਾਏ ਰਹੇ ਸਿਨੇਮਾ ਅਸਰ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਅਮਨ ਦੇਵਗਨ ਅਤੇ ਰਾਸ਼ਾ ਥਡਾਨੀ, ਜਿੰਨ੍ਹਾਂ ਨੂੰ ਸਿਲਵਰ ਸਕ੍ਰੀਨ ਉਤੇ ਇਕੱਠਿਆਂ ਦੇਖਣ ਲਈ ਦਰਸ਼ਕ ਵੀ ਕਾਫ਼ੀ ਉਤਸਕ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਇਸ ਬੇਕਰਾਰੀ ਦਾ ਅਹਿਸਾਸ ਉਕਤ ਫਿਲਮ ਦੇ ਟ੍ਰੇਲਰ ਨੂੰ ਮਿਲ ਰਿਹਾ ਭਾਰੀ ਦਰਸ਼ਕ ਹੁੰਗਾਰਾ ਵੀ ਭਲੀਭਾਂਤ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ: