ਹੈਦਰਾਬਾਦ: 'ਪੁਸ਼ਪਾ 2' ਇਸ ਸਮੇਂ ਕਾਫੀ ਸਾਰੇ ਰਿਕਾਰਡ ਤੋੜ ਰਹੀ ਹੈ, ਉੱਥੇ ਹੀ ਫਿਲਮ ਦੇ ਸਟਾਰ ਅੱਲੂ ਅਰਜੁਨ ਬਾਰੇ ਕਾਫੀ ਹੈਰਾਨ ਕਰਨ ਵਾਲੀ ਖਬਰ ਸੁਣਨ ਨੂੰ ਮਿਲ ਰਹੀ ਹੈ, ਦਰਅਸਲ, ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦੱਖਣੀ ਸੁਪਰਸਟਾਰ ਅੱਲੂ ਅਰਜੁਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਅੱਲੂ ਅਰਜੁਨ ਨੇ 4 ਦਸੰਬਰ ਨੂੰ 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਦੌਰਾਨ ਭਗਦੜ ਦੇ ਮਾਮਲੇ ਦੇ ਸੰਬੰਧ ਵਿੱਚ ਹੈਦਰਾਬਾਦ ਪੁਲਿਸ ਦੁਆਰਾ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਲਈ ਤੇਲੰਗਾਨਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੂੰ ਪੁਲਿਸ ਨੇ ਹੈਦਰਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ 'ਚ ਲਿਆ ਹੈ। ਉਸਨੂੰ ਉਸਦੇ ਪਿਤਾ ਮਸ਼ਹੂਰ ਫਿਲਮ ਨਿਰਮਾਤਾ ਅੱਲੂ ਅਰਵਿੰਦ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਚਿੱਕੜਪੱਲੀ ਪੁਲਿਸ ਸਟੇਸ਼ਨ ਲਿਜਾਇਆ ਗਿਆ। ਤਾਜ਼ਾ ਅਪਡੇਟਸ ਦੇ ਅਨੁਸਾਰ 41 ਸਾਲਾਂ ਅਦਾਕਾਰ ਨੂੰ ਡਾਕਟਰੀ ਜਾਂਚ ਲਈ ਲਿਜਾਇਆ ਗਿਆ। ਗਾਂਧੀ ਹਸਪਤਾਲ ਦੇ ਸੁਪਰਡੈਂਟ ਦੀ ਨਿਗਰਾਨੀ ਹੇਠ ਅਦਾਕਾਰ ਦੀ ਮੈਡੀਕਲ ਜਾਂਚ ਕਰਵਾਈ ਗਈ। ਹੁਣ ਉਸ ਨੂੰ ਨਾਮਪੱਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਲੂ ਅਰਜੁਨ ਦੀ ਗ੍ਰਿਫਤਾਰੀ ਤੋਂ ਬਾਅਦ ਮੈਗਾਸਟਾਰ ਚਿਰੰਜੀਵੀ, ਉਸ ਦੇ ਅਦਾਕਾਰ ਪੁੱਤਰ ਰਾਮ ਚਰਨ ਅੱਲੂ ਪਰਿਵਾਰ ਨੂੰ ਮਿਲਣ ਗਏ।
ਕੀ ਹੈ ਪੂਰਾ ਮਾਮਲਾ
ਉਲੇਖਯੋਗ ਹੈ ਕਿ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਦੌਰਾਨ ਸੰਧਿਆ ਥੀਏਟਰ ਵਿੱਚ ਭਗਦੜ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਅੱਲੂ ਅਰਜੁਨ, ਉਸਦੀ ਸੁਰੱਖਿਆ ਟੀਮ ਅਤੇ ਥੀਏਟਰ ਦੇ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ।
ਇਸ ਤੋਂ ਇਲਾਵਾ ਮ੍ਰਿਤਕ ਔਰਤ ਦੇ ਪਤੀ ਦੀ ਸ਼ਿਕਾਇਤ 'ਤੇ 5 ਦਸੰਬਰ ਨੂੰ ਚਿੱਕੜਪੱਲੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ। ਅੱਲੂ ਤੋਂ ਪਹਿਲਾਂ ਹੈਦਰਾਬਾਦ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ ਥੀਏਟਰ ਪ੍ਰਬੰਧਨ ਜਾਂ ਅਦਾਕਾਰ ਦੀ ਟੀਮ ਤੋਂ ਕੋਈ ਸੂਚਨਾ ਨਹੀਂ ਸੀ ਕਿ ਉਹ ਥੀਏਟਰ ਦਾ ਦੌਰਾ ਕਰਨਗੇ। ਥੀਏਟਰ ਪ੍ਰਬੰਧਕਾਂ ਨੇ ਵੀ ਭੀੜ ਨੂੰ ਸੰਭਾਲਣ ਲਈ ਸੁਰੱਖਿਆ ਸੰਬੰਧੀ ਕੋਈ ਵਾਧੂ ਪ੍ਰਬੰਧ ਨਹੀਂ ਕੀਤੇ ਸਨ।
ਰੇਵਤੀ ਅਤੇ ਉਸ ਦੇ ਪੁੱਤਰ ਸ੍ਰੀ ਤੇਜ ਨੇ ਲੋਕਾਂ ਦੀ ਭਾਰੀ ਭੀੜ ਕਾਰਨ ਦਮ ਘੁਟਿਆ ਮਹਿਸੂਸ ਕੀਤਾ ਅਤੇ ਤੁਰੰਤ ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹੇਠਲੀ ਬਾਲਕੋਨੀ ਤੋਂ ਬਾਹਰ ਕੱਢਿਆ ਅਤੇ ਉਸ ਦੇ ਪੁੱਤਰ ਨੂੰ ਸੀਪੀਆਰ ਦਿੱਤਾ। ਦੁਰਗਾਬਾਈ ਦੇਸ਼ਮੁੱਖ ਹਸਪਤਾਲ ਦੇ ਡਾਕਟਰ ਨੇ ਦੱਸਿਆ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਬੇਟੇ ਸ੍ਰੀ ਤੇਜ ਨੂੰ ਬਿਹਤਰ ਇਲਾਜ ਲਈ ਕਿਸੇ ਹੋਰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ ਸੀ।
ਅਦਾਕਾਰ ਨੇ ਮ੍ਰਿਤਕਾ ਦੇ ਪਰਿਵਾਰ ਨੂੰ 25 ਲੱਖ ਦੇਣ ਦਾ ਕੀਤਾ ਸੀ ਐਲਾਨ
ਇਸ ਦੇ ਨਾਲ ਹੀ ਅੱਲੂ ਅਰਜੁਨ ਨੇ 6 ਦਸੰਬਰ ਨੂੰ ਮ੍ਰਿਤਕ ਦੇ ਪਰਿਵਾਰ ਲਈ 25 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ ਅਤੇ ਕਿਹਾ ਕਿ ਉਹ 'ਬਹੁਤ ਦੁਖੀ' ਹਨ। ਅਦਾਕਾਰ ਨੇ ਦੁਖੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣਗੇ ਅਤੇ ਹਰ ਸੰਭਵ ਸਹਾਇਤਾ ਕਰਨਗੇ।
ਇਹ ਵੀ ਪੜ੍ਹੋ: