ਫਰੀਦਕੋਟ: ਬਾਲੀਵੁੱਡ ਦੇ ਕਾਮਯਾਬ ਐਕਸ਼ਨ ਡਾਇਰੈਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਮੋਹਨ ਬੱਗੜ ਦੇ ਹੋਣਹਾਰ ਬੇਟੇ ਸੋਨੂੰ ਬੱਗੜ ਵੀ ਪੰਜਾਬੀ ਸਿਨੇਮਾਂ ਖੇਤਰ ਵਿੱਚ ਆਪਣੀ ਪਹਿਲੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਸੋਨੂੰ ਬੱਗੜ ਪੰਜਾਬੀ ਫਿਲਮ 'ਟਰੈਵਲ ਏਜੰਟ' ਦੁਆਰਾ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਦੀ ਤਿਆਰੀ 'ਚ ਹਨ। 'ਗੋਬਿੰਦ ਫਿਲਮ ਕ੍ਰਿਏਸ਼ਨਜ ਪ੍ਰਾਈ.ਲਿਮਿਟਡ' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਬਲਜਿੰਦਰ ਸਿੱਧੂ ਕਰ ਰਹੇ ਹਨ, ਜੋ ਬਾਲੀਵੁੱਡ ਦੇ ਕਈ ਦਿੱਗਜ਼ ਨਿਰਦੇਸ਼ਕਾ ਨਾਲ ਕੰਮ ਕਰਨ ਦਾ ਅਨੁਭਵ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਲਘੂ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਵੀ ਪ੍ਰਭਾਵਸਾਲੀ ਮੌਜ਼ੂਦਗੀ ਦਰਜ਼ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਫਿਲਮ 'ਟਰੈਵਲ ਏਜੰਟ' ਦੀ ਸਟਾਰਕਾਸਟ: ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨਾਂ 'ਚ ਲੁਧਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰ ਸੋਨੂ ਬੱਗੜ ਲੀਡ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਨਾਲ ਅਦਾਕਾਰਾ ਪ੍ਰਭਜੋਤ ਕੌਰ ਅਤੇ ਪੂਨਮ ਸੂਦ ਵੀ ਲੀਡਿੰਗ ਰੋਲ ਅਦਾ ਕਰਨਗੀਆਂ। ਇਨ੍ਹਾਂ ਤੋਂ ਇਲਾਵਾ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫਿਲਮ ਵਿੱਚ ਗੁਗੂ ਗਿੱਲ, ਵਿਜੇ ਟੰਡਨ, ਸ਼ਵਿੰਦਰ ਮਾਹਲ, ਅਵਤਾਰ ਗਿੱਲ, ਰੋਜ ਜੇ ਕੌਰ, ਰਣਜੀਤ ਰਿਆਜ਼, ਨੀਟੂ ਪੰਧੇਰ, ਪਰਮਜੀਤ ਖਨੇਜਾ, ਆਰ.ਪੀ ਸਿੰਘ, ਜੁਗਨੂੰ ਆਦਿ ਸ਼ਾਮਲ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਯੂਪੀ ਫਾਈਲਜ' ਦਾ ਵੀ ਪ੍ਰਭਾਵੀ ਹਿੱਸਾ ਰਹੇ ਅਦਾਕਾਰ ਸੋਨੂੰ ਬੱਗੜ ਪਿਤਾ ਮੋਹਨ ਬੱਗੜ ਨੂੰ ਅਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਅਤੇ ਪਾਲਣ ਪੋਸ਼ਣ ਮੁੰਬਈ ਵਿਖੇ ਹੋਇਆ ਹੈ। ਹਾਲਾਂਕਿ, ਇਸ ਦੇ ਬਾਵਜੂਦ ਪੰਜਾਬ, ਅਸਲ ਮਿੱਟੀ ਅਤੇ ਕਦਰਾਂ ਕੀਮਤਾਂ ਨਾਲ ਉਨ੍ਹਾਂ ਦਾ ਜੁੜਾਵ ਹਮੇਸ਼ਾ ਰਿਹਾ ਹੈ। ਉਨਾਂ ਵੱਲੋ ਅਪਣਾਈ ਜਾ ਰਹੀ ਇਸ ਸੋਚ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਇਹ ਪਹਿਲੀ ਪੰਜਾਬੀ ਫ਼ਿਲਮ ਬੀਤੇ ਦਿਨ ਮੁੰਬਈ ਵਿਖੇ ਹੋਏ ਰਸਮੀ ਮਹੂਰਤ ਤੋਂ ਬਾਅਦ ਸ਼ੂਟਿੰਗ ਵੱਲ ਵੱਧ ਚੁੱਕੀ ਹੈ। ਇਸ ਫਿਲਮ ਸਬੰਧੀ ਗੱਲਬਾਤ ਕਰਦਿਆਂ ਅਦਾਕਾਰ ਸੋਨੂੰ ਬੱਗੜ ਨੇ ਕਿਹਾ ਕਿ ਮੇਨ ਸਟਰੀਮ ਸਿਨੇਮਾਂ ਤੋਂ ਬਿਲਕੁਲ ਅਲੱਗ ਬਣਾਈ ਜਾ ਰਹੀ ਇਸ ਫ਼ਿਲਮ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਨ ਦਾ ਅਵਸਰ ਮਿਲਿਆ ਹੈ। ਇਸ ਫਿਲਮ ਵਿੱਚ ਬਤੌਰ ਅਦਾਕਾਰ ਮੈਂ ਆਪਣਾ ਸੋ ਫੀਸਦੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ।