ਫਰੀਦਕੋਟ: ਪੰਜਾਬੀ ਫਿਲਮ ਇੰਡਸਟਰੀ ਦੇ ਚਰਚਿਤ ਚਿਹਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਅਦਾਕਾਰ ਪ੍ਰੀਤ ਬਾਠ ਆਪਣੀ ਨਵੀਂ ਪੰਜਾਬੀ ਫ਼ਿਲਮ 'ਮਜਨੂੰ' ਨਾਲ ਇੱਕ ਹੋਰ ਪ੍ਰਭਾਵੀ ਸਿਨੇਮਾਂ ਪਾਰੀ ਵੱਲ ਵਧਣ ਜਾ ਰਹੇ ਹਨ। ਉਨ੍ਹਾਂ ਦੀ ਇਸ ਰੁਮਾਂਟਿਕ-ਡਰਾਮਾ ਫਿਲਮ ਦਾ ਟ੍ਰੇਲਰ ਜਾਰੀ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਸ਼ਾਲੀਮਾਰ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਕਿਰਨ ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੀ ਸਟਾਰ-ਕਾਸਟ ਬਾਰੇ ਗੱਲ ਕਰੀਏ, ਤਾਂ ਇਸ ਵਿੱਚ ਪ੍ਰੀਤ ਬਾਠ, ਕਿਰਨ ਸ਼ੇਰਗਿੱਲ, ਸੈਬੀ ਸੂਰੀ ਲੀਡ ਰੋਲ ਨਿਭਾ ਰਹੇ ਹਨ। ਇਨ੍ਹਾਂ ਤੋਂ ਇਲਾਵਾ, ਇਸ ਫਿਲਮ 'ਚ ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਜੁਗਨੂ ਸ਼ਰਮਾ, ਬੱਬਰ ਗਿੱਲ, ਜਸਦੇਵ ਮਾਨ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਲਵ ਸਟੋਰੀ ਅਧੀਨ ਬਣਾਈ ਗਈ ਇਸ ਫ਼ਿਲਮ ਵਿੱਚ ਅਦਾਕਾਰ ਪ੍ਰੀਤ ਬਾਠ ਪਹਿਲੀ ਵਾਰ ਇਮੋਸ਼ਨਲ ਕਿਰਦਾਰ ਅਦਾ ਕਰਨਗੇ, ਜਦਕਿ ਇਸ ਤੋਂ ਪਹਿਲਾਂ ਉਨਾਂ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਫਿਲਮਾਂ ਐਕਸ਼ਨ ਬੇਸਡ ਹੀ ਰਹੀਆਂ ਹਨ। ਉਨਾਂ ਵੱਲੋਂ ਜ਼ਿਆਦਾਤਰ ਮਾਰਧਾੜ ਵਾਲੇ ਕਿਰਦਾਰ ਹੀ ਨਿਭਾਏ ਗਏ ਹਨ। ਇਸ ਫਿਲਮ ਰਾਹੀ ਉਹ ਬਿਲਕੁਲ ਹੀ ਅਲੱਗ ਕਿਰਦਾਰ ਨਾਲ ਦਰਸ਼ਕਾਂ ਸਨਮੁੱਖ ਹੋਣਗੇ।
ਅਦਾਕਾਰ ਪ੍ਰੀਤ ਬਾਠ ਦਾ ਕਰੀਅਰ: ਅਦਾਕਾਰ ਪ੍ਰੀਤ ਬਾਠ ਵੱਲੋ ਆਪਣੀ ਇਸ ਫ਼ਿਲਮ ਅਤੇ ਕਿਰਦਾਰ ਨੂੰ ਨਿਵੇਕਲਾ ਰੂਪ ਦੇਣ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ। ਮੂਲ ਰੂਪ ਵਿੱਚ ਪੰਜਾਬ ਦੇ ਰਜਵਾੜਾਸ਼ਾਹੀ ਅਤੇ ਰਿਆਸਤੀ ਜਿਲ੍ਹੇ ਪਟਿਆਲਾ ਨਾਲ ਸਬੰਧਤ ਇਸ ਅਦਾਕਾਰ ਦੇ ਹੁਣ ਤੱਕ ਦੇ ਸਿਨੇਮਾਂ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਉਹ ਚੁਣਿੰਦਾ ਅਤੇ ਮੇਨ ਸਟਰੀਮ ਸਿਨੇਮਾਂ ਤੋਂ ਅਲਗ ਬਣਾਈਆਂ ਜਾਣ ਵਾਲੀਆਂ ਫਿਲਮਾਂ ਕਰਨ ਨੂੰ ਕਾਫੀ ਤਰਜੀਹਤ ਦਿੰਦੇ ਨਜ਼ਰ ਆ ਰਹੇ ਹਨ। ਉਨਾਂ ਵੱਲੋਂ ਹੁਣ ਤੱਕ ਕੀਤੀਆਂ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ, ਤਾਂ ਇੰਨਾਂ ਵਿੱਚ 'ਏ ਮਿਸ਼ਨ ਰੂਟ 11', 'ਮੁਰੱਬਾ', 'ਮੁਸਾਫਿਰ', 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ', 'ਕੰਡੇ', 'ਜੁਗਨੀ ਯਾਰਾਂ ਦੀ' ਆਦਿ ਨਾਮ ਸ਼ਾਮਲ ਹਨ।