ਚੰਡੀਗੜ੍ਹ: ਕਾਰੋਪਰੇਟ ਕਿੰਗ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਪਾਰਟੀ ਵਿੱਚ ਪ੍ਰੋਫਾਰਮ ਕਰਨ ਵਾਲੇ ਇਕਲੌਤੇ ਪੰਜਾਬੀ ਗਾਇਕ ਹੋਣ ਦਾ ਮਾਣ ਆਪਣੀ ਝੋਲੀ ਪਾਉਣ ਵਾਲੇ ਗਾਇਕ ਦਿਲਜੀਤ ਦੁਸਾਂਝ ਇੰਨੀਂ ਦਿਨੀਂ ਮੁੜ ਕਈ ਨਵੇਂ ਗਲੋਬਲੀ ਅਯਾਮ ਸਥਾਪਿਤ ਕਰਦੇ ਨਜ਼ਰੀ ਆ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਜਿੰਮੀ ਫੈਲਨ ਦੇ 'ਦਿ ਟੂਨਾਇਟ ਸ਼ੋਅ' ਵਿੱਚ ਉਨ੍ਹਾਂ ਦੀ ਹੋਣ ਜਾ ਰਹੀ ਉਪ-ਸਥਿਤੀ, ਜਿਸ ਨੇ ਇਸ ਬਾਕਮਾਲ ਗਾਇਕ ਅਤੇ ਦੇਸੀ ਰੌਕਸਟਾਰ ਨੂੰ ਉੱਚਕੋਟੀ ਇੰਟਰਨੈਸ਼ਨਲ ਗਾਇਕਾ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ।
ਪੰਜਾਬ ਦੇ ਦੁਆਬਾ ਅਧੀਨ ਆਉਂਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਨਾਲ ਸੰਬੰਧਤ ਇਸ ਗਾਇਕ ਅਤੇ ਅਦਾਕਾਰ ਦਾ ਹੁਣ ਤੱਕ ਦਾ ਸਫ਼ਰ ਕਾਫੀ ਸ਼ਾਨਮੱਤਾ ਰਿਹਾ ਹੈ, ਜਿੰਨ੍ਹਾਂ ਅਪਣੇ ਗਾਇਨ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਆਈ ਐਲਬਮ 'ਸਮਾਇਲ' ਨਾਲ ਕੀਤੀ, ਉਪਰੰਤ 'ਚਾਕਲੇਟ' (2008) ਅਤੇ ਯੋ ਯੋ ਹਨੀ ਸਿੰਘ ਨਾਲ 'ਦਿ ਨੈਕਸਟ ਲੈਵਲ' (2009) ਨੇ ਉਨ੍ਹਾਂ ਦੀ ਪਹਿਚਾਣ ਨੂੰ ਐਸੀ ਪੁਖ਼ਤਗੀ ਦਿੱਤੀ ਕਿ ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ।
ਸਾਲ 2011 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਦਿ ਲਾਇਨ ਆਫ਼ ਪੰਜਾਬ’ ਵਿੱਚ ਸਿਲਵਰ ਸਕਰੀਨ ਉਤੇ ਡੈਬਿਊ ਕਰਨ ਵਾਲੇ ਇਸ ਬਾਕਮਾਲ ਅਦਾਕਾਰ ਨੇ ਇਸ ਖਿੱਤੇ ਵਿੱਚ ਵੀ ਅਪਣੀ ਸਰਦਾਰੀ ਕਾਇਮ ਰੱਖੀ ਹੈ, ਜਿੰਨ੍ਹਾਂ ਦੀ ਧਾਂਕ ਦਾ ਇਹ ਅਸਰ ਕੇਵਲ ਪਾਲੀਵੁੱਡ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਇਹ ਹਿੰਦੀ ਸਿਨੇਮਾ ਖਿੱਤੇ ਵਿੱਚ ਵੀ ਦਿਨ-ਬ-ਦਿਨ ਹੋਰ ਪ੍ਰਭਾਵੀ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਨੈੱਟਫਲਿਕਸ ਉਤੇ ਹਾਲ ਹੀ ਵਿੱਚ ਸਟ੍ਰੀਮ ਹੋਈ 'ਚਮਕੀਲਾ' ਨਾਲ ਦੁਨੀਆ ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਛਾਅ ਜਾਣ ਵਾਲੇ ਦਿਲਜੀਤ ਦੁਸਾਂਝ ਨੇ ਹੁਣ ਤੱਕ ਦੇ ਅਪਣੇ ਗਾਇਕੀ ਅਤੇ ਫਿਲਮੀ ਕਰੀਅਰ ਦੌਰਾਨ ਕਈ ਰਿਕਾਰਡਜ਼ ਕਾਇਮ ਕਰਨ ਦਾ ਮਾਣ ਆਪਣੀ ਝੋਲੀ ਪਾਇਆ ਹੈ ਅਤੇ ਉਨ੍ਹਾਂ ਦੀਆਂ ਇੰਨ੍ਹਾਂ ਹੀ ਮਾਣਮੱਤੀਆਂ ਪ੍ਰਾਪਤੀਆਂ ਵੱਲ ਆਓ ਕਰਦੇ ਹਾਂ ਖਾਸ ਨਜ਼ਰਸਾਨੀ:
ਦਿਲ-ਲੁਮਿਨਾਤੀ ਟੂਰ ਨੇ ਸਿਰਜੇ ਨਵੇਂ ਅਯਾਮ: ਵੈਨਕੂਵਰ (ਕੈਨੇਡਾ) ਦੇ ਬੀਸੀ ਸਟੇਡੀਅਮ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਸੰਪੰਨ ਹੋਏ ਦਿਲ-ਲੁਮਿਨਾਤੀ ਟੂਰ ਦੌਰਾਨ ਯਾਦਗਾਰੀ ਪ੍ਰਦਰਸ਼ਨ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੇ ਹਨ ਦਿਲਜੀਤ ਦੁਸਾਂਝ, ਜਿੰਨ੍ਹਾਂ ਦੇ ਇੰਨ੍ਹਾਂ ਸ਼ੋਅਜ਼ ਦੀ ਸੁਪਰ ਸਫਲਤਾ ਨੇ ਇੰਟਰਨੈੱਟ 'ਤੇ ਤੂਫਾਨ ਲਿਆ ਦਿੱਤਾ ਅਤੇ ਉਨ੍ਹਾਂ ਨੂੰ ਗਲੋਬਲ ਸਟਾਰ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਭਾਰਤ ਵਿੱਚ ਹੀ ਨਹੀਂ ਬਲਕਿ ਹੁਣ ਦੁਨੀਆਭਰ ਵਿੱਚ ਪ੍ਰਸ਼ੰਸਕ ਦਾਇਰਾ ਵਿਸ਼ਾਲ ਕਰ ਚੁੱਕੇ ਇਹ ਬਹੁ ਪ੍ਰਤਿਭਾ ਦੇ ਧਨੀ ਗਾਇਕ ਪਹਿਲੇ ਐਸੇ ਪੰਜਾਬੀ ਗਾਇਕ ਵਜੋਂ ਵੀ ਸਾਹਮਣੇ ਆਏ, ਜਿਸ ਨੇ ਕੈਨੇਡਾ ਦੇ ਬੀਸੀ ਸਟੇਡੀਅਮ ਵਿੱਚ 54,000 ਦਰਸ਼ਕਾਂ ਦੀ ਹਾਜ਼ਰੀ ਬਹਾਲ ਕਰਕੇ ਇਤਿਹਾਸ ਰਚ ਦਿੱਤਾ ਹੈ। ਸੋਲਡ ਆਊਟ ਹੋਣ ਵਾਲੇ ਲੁਮਿਨਾਤੀ ਟੂਰ ਨੇ ਦਰਸ਼ਕ ਹਾਜ਼ਰੀ ਦੇ ਨਾਲ ਟਿਕਟ ਵਿਕਰੀ ਪੱਖੋਂ ਵੀ ਰਿਕਾਰਡ ਕਾਇਮ ਕੀਤੇ ਹਨ।
ਹੈਰਾਨੀਜਨਕ ਪੱਖ ਇਹ ਵੀ ਰਿਹਾ ਕਿ ਇਵੈਂਟ ਦੀਆਂ ਟਿਕਟਾਂ ਦੀ ਦਰ ਬਹੁਤ ਜ਼ਿਆਦਾ ਹੋਣ ਪਹਿਲੀ ਕਤਾਰ ਦੀਆਂ ਸੀਟਾਂ ਦੀਆਂ ਕੀਮਤਾਂ ਭਾਰਤੀ ਰੁਪਏ ਵਿੱਚ ਲਗਭਗ 40,266 ਤੋਂ 59,540 ਰੁਪਏ ਦੇ ਬਰਾਬਰ ਰਹਿਣ ਦੇ ਬਾਵਜੂਦ ਦਰਸ਼ਕ ਟਿਕਟਾਂ ਖਰੀਦਣ ਲਈ ਤਰਸਦੇ ਨਜ਼ਰੀ ਆਏ।
ਲੰਦਨ ਵਿੱਚ ਮਚਾ ਚੁੱਕੇ ਹਨ ਸਨਸਨੀ: ਗਲੋਬਲ ਸਟਾਰ ਦਿਲਜੀਤ ਦੁਸਾਂਝ ਦੇ ਮਸ਼ਹੂਰ ਟਰੈਕ 'ਨੈਨਾ' ਦਾ ਲੰਦਨ ਦੇ ਇੱਕ ਮੰਨੇ-ਪ੍ਰਮੰਨੇ ਫੈਸ਼ਨ ਆਊਟਲੈਟ ਉਤੇ ਚਲਾਇਆ ਜਾਣਾ ਵੀ ਉਨ੍ਹਾਂ ਦੀਆਂ ਸ਼ਾਨਮੱਤੀਆਂ ਪ੍ਰਾਪਤੀਆਂ ਵਿੱਚ ਹੋਰ ਇਜ਼ਾਫਾ ਕਰਨ ਵਿੱਚ ਸਫਲ ਰਿਹਾ ਹੈ, ਜਿਸ ਨਾਲ ਪੰਜਾਬੀ ਸੰਗੀਤ ਦਾ ਰੁਤਬਾ ਵੀ ਅੰਤਰ-ਰਾਸ਼ਟਰੀ ਪੱਧਰ ਉੱਪਰ ਹੋਰ ਬੁਲੰਦ ਹੋਇਆ ਹੈ।
ਸਾਲ 2012 ਵਿੱਚ ਆਈ ਜਿਸ ਫਿਲਮ ਨੇ ਅਦਾਕਾਰ ਦਿਲਜੀਤ ਦੁਸਾਂਝ ਨੂੰ ਸਟਾਰ ਰੁਤਬਾ ਦਿਵਾਉਣ ਅਤੇ ਉਨ੍ਹਾਂ ਦੀ ਸਿਨੇਮਾ ਖਿੱਤੇ ਵਿੱਚ ਸਥਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ, ਉਹ ਸੀ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ "ਜੱਟ ਐਂਡ ਜੂਲੀਅਟ'।
ਇਸੇ ਦੇ ਸੀਕਵਲ ਦੇ ਰੂਪ ਵਿੱਚ 2013 ਵਿੱਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ 2' ਵੀ ਬਾਕਸ ਆਫਿਸ ਉਤੇ ਕਈ ਰਿਕਾਰਡ ਕਾਇਮ ਕਰਨ ਵਿੱਚ ਸਫ਼ਲ ਰਹੀ, ਜੋ ਪੰਜਾਬੀ ਸਿਨੇਮਾ ਦੀ ਵੱਡੀ ਬਲਾਕ-ਬਸਟਰ ਬਣ ਕੇ ਉਭਰੀ ਅਤੇ ਲਗਭਗ 20 ਕਰੋੜ ਦੇ ਕਰੀਬ ਬਾਕਸ ਆਫਿਸ ਕਲੈਕਸ਼ਨ ਕਰਨ ਵਿੱਚ ਸਫ਼ਲ ਰਹੀ, ਜਿਸ ਨੇ ਸ਼ਾਨਦਾਰ ਓਪਨਿੰਗ ਦਾ ਵੀ ਮਾਣ ਹਾਸਿਲ ਕਰਦਿਆਂ ਪਾਲੀਵੁੱਡ ਉਦਯੋਗ ਲਈ ਕਈ ਨਵੇਂ ਮਾਪਦੰਡ ਵੀ ਸਥਾਪਤ ਕੀਤੇ।
- ਇਸ ਮਸ਼ਹੂਰ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ ਗਾਇਕ ਦਿਲਜੀਤ ਦੁਸਾਂਝ, ਬੋਲੇ-ਪੰਜਾਬੀ ਆ ਗਏ ਓਏ... - Diljit Dosanjh
- ਲੰਡਨ ਦੇ ਫੈਸ਼ਨ ਸਟੋਰਾਂ ਵਿੱਚ ਗੂੰਜ ਰਿਹਾ ਹੈ ਦਿਲਜੀਤ ਦੁਸਾਂਝ ਦਾ ਗੀਤ 'ਨੈਨਾ', ਦੇਖੋ ਵੀਡੀਓ - Diljit Dosanjh song Naina
- ਦੋ ਔਰਤਾਂ ਦੇ ਪਿਆਰ ਵਿੱਚ ਕਸੂਤਾ ਫਸਿਆ ਦਿਲਜੀਤ ਦੁਸਾਂਝ, ਬੇਹੱਦ ਮਜ਼ੇਦਾਰ ਹੈ 'ਜੱਟ ਐਂਡ ਜੂਲੀਅਟ 3' ਦਾ ਟ੍ਰੇਲਰ - Jatt And juliet 3 Trailer Out
ਦਿਲਜੀਤ ਦੁਸਾਂਝ ਦਾ ਅੰਤਰਰਾਸ਼ਟਰੀ ਪੱਧਰ ਉਤੇ ਉੱਚੇ ਹੋ ਰਹੇ ਕੱਦ ਅਤੇ ਸ਼ਿਖਰ ਵੱਲ ਵੱਧ ਰਹੀ ਲੋਕਪ੍ਰਿਯਤਾ ਦੇ ਗ੍ਰਾਫ ਨੂੰ ਉੱਚਾ ਚੁੱਕਣ ਉਨ੍ਹਾਂ ਦੇ ਇੰਟਰਨੈਸ਼ਨਲ ਟ੍ਰੈਕ 'ਹਸ ਹਸ' ਦਾ ਵੀ ਅਸਧਾਰਨ ਯੋਗਦਾਨ ਰਿਹਾ ਹੈ, ਜਿਸ ਨੂੰ ਸੁਪ੍ਰਸਿੱਧ ਆਸਟ੍ਰੇਲੀਆਈ ਪੌਪ ਗਾਇਕਾ ਸੀਆ ਦੁਆਰਾ ਸਹਿ ਗਾਇਨ ਕੀਤਾ ਗਿਆ ਸੀ।
ਏਨਾਂ ਹੀ ਨਹੀਂ ਮੁੰਬਈ ਵਿੱਚ ਸੰਪੰਨ ਹੋਏ ਇੱਕ ਗ੍ਰੈਂਡ ਲਾਈਵ ਕੰਸਰਟ ਦੌਰਾਨ ਐਡ ਸ਼ੀਰਨ ਨਾਲ ਪ੍ਰੋਫਾਰਮ ਕਰਕੇ ਵੀ ਇਸ ਬਿਹਤਰੀਨ ਗਾਇਕ ਨੇ ਅਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਦੌਰਾਨ ਇੰਨ੍ਹਾਂ ਦੋਹਾਂ ਦੀ ਸ਼ਾਨਦਾਰ ਪਰਫਾਰਮੈਂਸ ਨੇ ਬਾਲੀਵੁੱਡ ਦੇ ਸੰਗੀਤਕ ਗਲਿਆਰਿਆਂ ਵਿੱਚ ਸਨਸਨੀ ਮਚਾ ਦਿੱਤੀ ਸੀ।
ਕੋਚੇਲਾ ਵਿਖੇ ਵੀ ਰਚਿਆ ਇਤਿਹਾਸ: ਅਪ੍ਰੈਲ 2023 ਵਿੱਚ ਸੰਪੰਨ ਹੋਏ ਕੋਚੇਲਾ ਸੰਗੀਤ ਉਤਸਵ ਵਿੱਚ ਪ੍ਰਦਰਸ਼ਨ ਕਰਨ ਵਾਲਾ ਵੀ ਪਹਿਲਾਂ ਪੰਜਾਬੀ ਗਾਇਕ ਰਿਹਾ ਦਿਲਜੀਤ ਦੁਸਾਂਝ, ਜਿਸ ਨੇ ਬਲੈਕ ਕੈਜ਼ੂਅਲ ਪਰ ਪਰੰਪਰਾਗਤ ਪੰਜਾਬੀ ਪਹਿਰਾਵੇ ਵਿੱਚ ਐਸੀ ਤਰਥੱਲੀ ਮਚਾਈ ਕਿ ਉਨ੍ਹਾਂ ਦਾ ਨਾਂਅ ਇਸ ਸਮਾਰੋਹ ਦਾ ਹਿੱਸਾ ਬਣੇ ਬਲੈਕਪਿੰਕ, ਚਾਰਲੀ ਐਕਸਸੀਐਕਸ, ਲੈਬ੍ਰਿੰਥ ਅਤੇ ਕਿਡ ਲਾਰੋਈ ਆਦਿ ਜਿਹੇ ਇੰਟਰਨੈਸ਼ਨਲ ਸਟਾਰਜ਼ ਨਾਲ ਮੋਹਰੀ ਬਣ ਉਭਰਿਆ।
ਬਾਲੀਵੁੱਡ 'ਚ ਵੱਧ ਰਿਹਾ ਦੀਵਾਨਗੀ ਦਾ ਆਲਮ: ਪੰਜਾਬੀ ਗਾਇਕੀ ਤੋਂ ਪਾਲੀਵੁੱਡ ਅਤੇ ਉਥੋਂ ਹਿੰਦੀ ਸਿਨੇਮਾ ਦਾ ਸ਼ਾਨਦਾਰ ਸਫ਼ਰ ਤੈਅ ਕਰਨ ਵਾਲੇ ਦਿਲਜੀਤ ਦੁਸਾਂਝ ਪ੍ਰਤੀ ਦੀਵਾਨਗੀ ਦਾ ਆਲਮ ਬਾਲੀਵੁੱਡ ਖਿੱਤੇ ਵਿੱਚ ਲਗਾਤਾਰ ਵੱਧ ਰਿਹਾ, ਜਿਸ ਦਾ ਇਜ਼ਹਾਰ ਉਨ੍ਹਾਂ ਨੂੰ ਲਗਾਤਾਰ ਬਿੱਗ ਸੈਟਅੱਪ ਫਿਲਮਾਂ ਅਤੇ ਉਨ੍ਹਾਂ ਦੀ ਵੱਧ ਰਹੀ ਸਿਨੇਮਾ ਮੰਗ ਲਗਾਤਾਰ ਕਰਵਾ ਰਹੀ ਹੈ।
ਆਪਣੇ ਹਿੰਦੀ ਸਿਨੇਮਾ ਕਰੀਅਰ ਦੌਰਾਨ ਦੇ ਕਈ ਉੱਚਕੋਟੀ ਸੁੰਦਰੀਆਂ ਨਾਲ ਲੀਡਿੰਗ ਭੂਮਿਕਾਵਾਂ ਅਦਾ ਕਰਨ ਦਾ ਮਾਣ ਵੀ ਆਪਣੇ ਹਿੱਸੇ ਪਵਾ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਵਿੱਚ ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ, ਕਿਆਰਾ ਅਡਵਾਨੀ, ਆਲੀਆ ਭੱਟ, ਪਰਿਣਿਤੀ ਚੋਪੜਾ, ਕ੍ਰਿਤੀ ਸੈਨਨ, ਤੱਬੂ, ਫਾਤਿਮਾ ਸਨਾ ਸੇਖ਼ ਆਦਿ ਸ਼ਾਮਿਲ ਰਹੀਆਂ ਹਨ।