ਚੰਡੀਗੜ੍ਹ: ਕਾਮੇਡੀ ਅਤੇ ਫਾਰਮੂਲਾ ਫਿਲਮਾਂ ਨਾਲ ਅੋਤ-ਪੋਤ ਰਹੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਅੱਜਕੱਲ੍ਹ ਪੂਰੀ ਤਰ੍ਹਾਂ ਬਦਲਦਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਹਾਲ ਹੀ ਵਿੱਚ ਅਤੇ ਬੈਕ-ਟੂ-ਬੈਕ ਸਾਹਮਣੇ ਆਈਆਂ 'ਅਰਦਾਸ ਸਰਬੱਤ ਦੇ ਭਲੇ ਦੀ', 'ਬੀਬੀ ਰਜਨੀ', 'ਸੁੱਚਾ ਸੂਰਮਾ', 'ਸ਼ੁਕਰਾਨਾ', 'ਸ਼ਾਹਕੋਟ' ਜਿਹੀਆਂ ਕਈ ਕੰਟੈਂਟ ਆਧਾਰਿਤ ਫਿਲਮਾਂ ਵੀ ਬਾਖੂਬੀ ਕਰਵਾ ਚੁੱਕੀਆਂ ਹਨ।
ਪਾਲੀਵੁੱਡ ਦ੍ਰਿਸ਼ਾਂਵਲੀ ਨੂੰ ਮਾਣਮੱਤੇ ਅਯਾਮ ਦੇ ਰਹੇ ਅਤੇ ਤਰੋ-ਤਾਜ਼ਗੀ ਨਾਲ ਪਰਿਪੂਰਨ ਕਰ ਰਹੇ ਇਸ ਰੁਝਾਨ ਦੇ ਮੱਦੇਨਜ਼ਰ ਆਉਂਦੇ ਦਿਨੀਂ ਸਾਹਮਣੇ ਆਉਣ ਵਾਲੀਆਂ ਅਤੇ ਵੱਖੋ-ਵੱਖਰੇ ਰੰਗਾਂ ਦਾ ਅਨੂਠਾ ਇਜ਼ਹਾਰ ਕਰਵਾਉਂਣ ਜਾ ਰਹੀਆਂ ਪੰਜਾਬੀ ਫਿਲਮਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:
ਹੁਸ਼ਿਆਰ ਸਿੰਘ(ਆਪਣਾ ਅਰਸਤੂ):
ਹੁਸ਼ਿਆਰ ਸਿੰਘ(ਆਪਣਾ ਅਰਸਤੂ) 'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ, ਜਿੰਨ੍ਹਾਂ ਦੀ ਟੀਮ ਦੁਆਰਾ ਅਲਹਦਾ ਸਿਨੇਮਾ ਸਿਰਜਣਾ ਸਾਂਚੇ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਜ਼ੂਦ ਲੈ ਰਹੀ ਉਕਤ ਅਰਥ-ਭਰਪੂਰ ਅਤੇ ਸੰਗੀਤਮਈ ਫਿਲਮ ਵਿੱਚ ਰਾਣਾ ਰਣਬੀਰ, ਸੁਖਵਿੰਦਰ ਰਾਜ ਵੀ ਮਹੱਤਵਪੂਰਨ ਰੋਲ ਪਲੇ ਕਰ ਰਹੇ ਹਨ।
ਸਰਬਾਲ੍ਹਾ ਜੀ:
ਸਰਬਾਲ੍ਹਾ ਜੀ ਬਾਲੀਵੁੱਡ ਦੇ ਨਾਮੀ ਗਿਰਾਮੀ ਫਿਲਮ ਨਿਰਮਾਣ ਹਾਊਸ 'ਟਿਪਸ ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਕੁਮਾਰ ਤੁਰਾਨੀ ਜਦਕਿ ਨਿਰਦੇਸ਼ਨ ਮਨਦੀਪ ਕੁਮਾਰ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬ ਦੇ ਠੇਠ ਦੇਸੀ ਰੰਗਾਂ ਵਿੱਚ ਢਾਲੀ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫਿਲਮ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਵਿੱਚ ਪੁਰਾਤਨ ਪੰਜਾਬ ਦੇ ਕਈ ਰੰਗ ਵੇਖਣ ਨੂੰ ਮਿਲਣਗੇ ਹਨ। ਪੰਜਾਬੀ ਸਿਨੇਮਾ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ ਇਸ ਬਿਹਤਰੀਨ ਫਿਲਮ ਦਾ ਲੇਖਨ ਇੰਦਰਜੀਤ ਮੋਗਾ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ੀ ਪੱਖ ਨਵਨੀਤ ਮਿਸਰ ਸੰਭਾਲ ਰਹੇ ਹਨ।
ਅਕਾਲ:
ਅਕਾਲ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਪੰਜਾਬੀ ਸਿਨੇਮਾ ਸਟਾਰ ਗਿੱਪੀ ਗਰੇਵਾਲ ਵੱਲੋਂ ਸਾਹਮਣੇ ਲਿਆਂਦੀ ਜਾ ਰਹੀ ਇਹ ਉਨ੍ਹਾਂ ਦੀ ਇੱਕ ਹੋਰ ਵੱਡੀ ਧਾਰਮਿਕ ਫਿਲਮ ਹੋਵੇਗੀ। 'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਕਮਾਂਡ ਗਿੱਪੀ ਗਰੇਵਾਲ ਖੁਦ ਸੰਭਾਲ ਰਹੇ ਹਨ, ਜੋ ਇਸ ਫਿਲਮ ਵਿੱਚ ਲੀਡ ਰੋਲ ਵੀ ਅਦਾ ਕਰਨ ਜਾ ਰਹੇ ਹਨ। ਨਿਰਮਾਤਾ ਗਿੱਪੀ ਗਰੇਵਾਲ ਰਵਨੀਤ ਕੌਰ ਗਰੇਵਾਲ, ਸਹਿ ਨਿਰਮਾਣਕਾਰ ਭਾਨਾ ਐਲ.ਏ, ਵਿਨੋਦ ਅਸਵਾਲ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਮਿਤਵਾ ਵਸ਼ਿਸ਼ਠ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਦਾ ਰਾਈਜ਼ ਆਫ ਸਿੱਖ ਰਾਜ:
'ਦਾ ਰਾਈਜ਼ ਆਫ ਸਿੱਖ ਰਾਜ' ਮੇਡ 4 ਫਿਲਮਜ਼ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਹ ਫਿਲਮ ਪੰਜਾਬ ਦੇ ਸ਼ਾਨਮੱਤੇ ਸਿੱਖ ਇਤਿਹਾਸ ਨੂੰ ਸਮਰਪਿਤ ਕੀਤੀ ਜਾ ਰਹੀ ਹੈ, ਜੋ 28 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰਨ ਵਾਲੀ 'ਬੀਬੀ ਰਜਨੀ' ਨਿਰਮਿਤ ਕਰ ਚੁੱਕੀ ਨਿਰਮਾਣ ਟੀਮ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਪਿੰਕੀ ਧਾਲੀਵਾਲ ਹਨ।
ਮਧਾਣੀਆਂ:
ਮਧਾਣੀਆਂ 'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਵੀ ਪੁਰਾਤਨ ਪੰਜਾਬ ਦੇ ਕਈ ਰੰਗ ਵੇਖਣ ਨੂੰ ਮਿਲਣਗੇ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਦੋਨੋਂ ਜ਼ਿੰਮੇਵਾਰੀਆਂ ਨਵ ਬਾਜਵਾ ਸੰਭਾਲ ਰਹੇ ਹਨ। ਪਰਿਵਾਰਿਕ-ਡਰਾਮਾ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ ਅਤੇ ਨਵ ਬਾਜਵਾ ਲੀਡਿੰਗ ਰੋਲ ਪਲੇ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਨਿਰਮਲ ਰਿਸ਼ੀ, ਸਾਰਾ ਗੁਰਪਾਲ, ਮੰਨਤ ਨੂਰ, ਜੈਸਮੀਨ ਅਖਤਰ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ, ਰਾਜ ਧਾਲੀਵਾਲ ਅਤੇ ਮਨੀ ਔਜਲਾ ਆਦਿ ਜਿਹੇ ਮੰਨੇ-ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: