ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਭਾਰੀ ਗਿਰਾਵਟ ਦੇ ਨਾਲ ਰੈੱਡ ਜ਼ੋਨ 'ਚ ਖੁੱਲ੍ਹਿਆ। ਗਲੋਬਲ ਕਮਜ਼ੋਰੀ ਅਤੇ ਲੋਕ ਸਭਾ ਚੋਣਾਂ ਦੀ ਅਨਿਸ਼ਚਿਤਤਾ ਦੇ ਵਿਚਕਾਰ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ 'ਤੇ ਸੈਂਸੈਕਸ 123 ਅੰਕਾਂ ਦੀ ਗਿਰਾਵਟ ਨਾਲ 74,380.08 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ, NSE 'ਤੇ ਨਿਫਟੀ 44 ਅੰਕ ਡਿੱਗ ਕੇ 22,660.90 ਦੇ ਪੱਧਰ 'ਤੇ ਖੁੱਲ੍ਹਿਆ।
ਸੈਂਸੈਕਸ 'ਚ 30 'ਚੋਂ 23 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੀਐੱਸਈ 'ਤੇ ਐੱਸਬੀਆਈ, ਕੋਟਕ ਮਹਿੰਦਰਾ ਬੈਂਕ ਗ੍ਰੀਨ ਜ਼ੋਨ 'ਚ ਕਾਰੋਬਾਰ ਕਰਦੇ ਨਜ਼ਰ ਆਏ, ਜਦਕਿ ਟਾਈਟਨ ਅਤੇ ਟਾਟਾ ਸਟੀਲ ਸਭ ਤੋਂ ਜ਼ਿਆਦਾ ਪਿੱਛੇ ਨਜ਼ਰ ਆਏ। ਇਸੇ ਤਰ੍ਹਾਂ, ਐਨਐਸਈ 'ਤੇ ਇੰਡਸਇੰਡ ਬੈਂਕ, ਬੀਪੀਸੀਐਲ ਸਭ ਤੋਂ ਵੱਧ ਮੁਨਾਫੇ ਦੇ ਨਾਲ ਵਪਾਰ ਕਰਦੇ ਦੇਖੇ ਗਏ, ਜਦਕਿ ਟਾਟਾ ਸਟੀਲ ਅਤੇ ਐਲਟੀਆਈਮਿੰਡਟਰੀ ਸਭ ਤੋਂ ਵੱਧ ਘਾਟੇ ਦੇ ਨਾਲ ਵਪਾਰ ਕਰਦੇ ਨਜ਼ਰ ਆਏ।
ਨਿਫਟੀ ਮਿਡਕੈਪ 'ਚ 0.09 ਫੀਸਦੀ, ਸਮਾਲਕੈਪ 'ਚ 0.13 ਫੀਸਦੀ ਦੀ ਗਿਰਾਵਟ ਦੇ ਨਾਲ ਵਿਆਪਕ ਬਾਜ਼ਾਰਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਪੀਐਸਯੂ ਬੈਂਕ ਨੇ ਲਗਭਗ 0.83 ਫੀਸਦੀ ਦਾ ਵਾਧਾ ਹਾਸਿਲ ਕੀਤਾ, ਜਿਸ ਤੋਂ ਬਾਅਦ ਬੈਂਕ ਦਾ ਸਥਾਨ ਰਿਹਾ। ਏਸ਼ੀਆ ਦੇ ਲਗਭਗ ਸਾਰੇ ਬਾਜ਼ਾਰ ਦਬਾਅ 'ਚ ਕਾਰੋਬਾਰ ਕਰ ਰਹੇ ਹਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ ਸੀ। ਡਾਓ ਇੱਕ ਫੀਸਦੀ ਤੋਂ ਜ਼ਿਆਦਾ ਫਿਸਲ ਗਿਆ ਸੀ। ਡਾਲਰ ਇੰਡੈਕਸ 105 'ਤੇ ਬਣਿਆ ਹੋਇਆ ਹੈ।
ਕੱਚਾ ਤੇਲ ਸਪਾਟ ਹੈ। ਬ੍ਰੈਂਟ ਕਰੂਡ 83 ਡਾਲਰ ਪ੍ਰਤੀ ਬੈਰਲ ਅਤੇ ਵੈਸਟ ਟੈਕਸਾਸ ਕਰੂਡ 79 ਡਾਲਰ ਪ੍ਰਤੀ ਬੈਰਲ 'ਤੇ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਫੇਡ ਦੇ ਕਈ ਮੈਂਬਰਾਂ ਵੱਲੋ ਇੰਟਰਸਟ ਰੇਟ ਨੂੰ ਲੈ ਕੇ ਨਾਂਹ-ਪੱਖੀ ਬਿਆਨਾਂ ਤੋਂ ਬਾਅਦ ਗਿਰਾਵਟ ਆਈ ਹੈ, ਜਿਸ ਦਾ ਅਸਰ ਭਾਰਤੀ ਬਾਜ਼ਾਰਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਅਮਰੀਕਾ ਦੇ ਜੀਡੀਪੀ ਦੇ ਅੰਕੜੇ ਆਉਣ ਵਾਲੇ ਹਨ, ਜਿਸ ਕਾਰਨ ਗਲੋਬਲ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਬੁੱਧਵਾਰ ਦਾ ਬਾਜ਼ਾਰ: ਭਾਰਤੀ ਸ਼ੇਅਰ ਬਾਜ਼ਾਰਾਂ 'ਚ ਭਾਰੀ ਬਿਕਵਾਲੀ ਦੇਖੀ ਗਈ ਹੈ। ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫਤੇ ਦੇ ਤੀਜੇ ਦਿਨ ਭਾਰੀ ਨੁਕਸਾਨ ਦੇ ਨਾਲ ਰੈੱਡ ਜ਼ੋਨ 'ਚ ਬੰਦ ਹੋਏ ਹਨ। ਬੀਐੱਸਈ 'ਤੇ ਸੈਂਸੈਕਸ 667 ਅੰਕਾਂ ਦੀ ਭਾਰੀ ਗਿਰਾਵਟ ਨਾਲ 74,502.90 ਅੰਕ 'ਤੇ ਬੰਦ ਹੋਇਆ। ਇਸ ਦੇ ਨਾਲ ਹੀ, NSE 'ਤੇ ਨਿਫਟੀ 183 ਅੰਕਾਂ ਦੀ ਗਿਰਾਵਟ ਨਾਲ 22,703.95 'ਤੇ ਬੰਦ ਹੋਇਆ।
ਐਸਬੀਆਈ ਲਾਈਫ, ਐਚਡੀਐਫਸੀ ਲਾਈਫ, ਆਈਸੀਆਈਸੀਆਈ ਬੈਂਕ, ਅਲਟਰਾਟੈੱਕ ਸੀਮੈਂਟ, ਟੈਕ ਐਮ, ਐਚਡੀਐਫਸੀ ਬੈਂਕ, ਬਜਾਜ ਫਿਨਸਰਵ, ਐਕਸਿਸ ਬੈਂਕ, ਟਾਟਾ ਕੰਜ਼ਿਊਮਰ ਪ੍ਰੋਡਕਟਸ, ਬੀਪੀਸੀਐਲ ਅਤੇ ਓਐਨਜੀਸੀ ਲਾਰਜ-ਕੈਪ ਸਪੇਸ ਵਿੱਚ ਸਭ ਤੋਂ ਪਿੱਛੇ ਰਹੇ, ਜਿਨ੍ਹਾਂ ਵਿੱਚ 1 ਤੋਂ 3 ਫੀਸਦੀ ਤੱਕ ਦੀ ਗਿਰਾਵਟ ਆਈ। ਇਸ ਦੌਰਾਨ, ਵਿਆਪਕ ਬਾਜ਼ਾਰ ਵਿੱਚ ਬੀਐਸਈ ਮਿਡਕੈਪ ਸੂਚਕਾਂਕ ਲਗਭਗ 1 ਫੀਸਦੀ ਫਿਸਲ ਗਿਆ, ਹਾਲਾਂਕਿ, ਬੀਐਸਈ ਸਮਾਲਕੈਪ ਸੂਚਕਾਂਕ 'ਚ ਅੱਧੇ ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।