ਉੱਤਰ ਪ੍ਰਦੇਸ਼/ਲਖਨਊ: ਸ਼ਨੀਵਾਰ ਸਵੇਰੇ ਇੱਕ ਸੇਵਾਮੁਕਤ ਆਈਏਐਸ ਦੇਵੇਂਦਰ ਦੂਬੇ ਦੀ ਪਤਨੀ ਮੋਹਨੀ ਦੂਬੇ (69 ਸਾਲ) ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਲਖਨਊ ਦੇ ਗਾਜ਼ੀਪੁਰ ਥਾਣੇ ਅਧੀਨ ਇੰਦਰਾ ਨਗਰ ਦੇ ਸੈਕਟਰ 20 ਦੇ ਰਹਿਣ ਵਾਲੇ ਸੇਵਾਮੁਕਤ ਆਈਏਐਸ ਦੇਵੇਂਦਰ ਦੂਬੇ ਜਦ ਗੋਲਫ ਖੇਡਣ ਗਏ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਪਿੱਛੇ ਘਰ 'ਚ ਦਾਖਲ ਹੋ ਕੇ ਲੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ। ਘਟਨਾ ਬਾਰੇ ਜਦੋਂ ਦੇਵੇਂਦਰ ਦੂਬੇ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਡੌਗ ਸਕੁਐਡ ਨਾਲ ਮੌਕੇ 'ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਦੇਵੇਂਦਰ ਦੂਬੇ ਇਸ ਤੋਂ ਪਹਿਲਾਂ ਰਾਏਬਰੇਲੀ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਇਲਾਹਾਬਾਦ ਦੇ ਡਿਵੀਜ਼ਨਲ ਕਮਿਸ਼ਨਰ ਰਹਿ ਚੁੱਕੇ ਹਨ। ਲਖਨਊ ਪੁਲਿਸ ਕਮਿਸ਼ਨਰ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਣਕਾਰੀ ਲਈ।
ਅਲਮਾਰੀ 'ਚ ਰੱਖਿਆ ਸਾਮਾਨ ਖਿੱਲਰਿਆ ਮਿਲਿਆ: ਸੇਵਾਮੁਕਤ ਆਈਏਐਸ ਦੇਵੇਂਦਰ ਦੂਬੇ ਜਦੋਂ ਸਵੇਰੇ ਗੋਲਫ ਖੇਡ ਕੇ ਆਪਣੇ ਘਰ ਪਰਤੇ ਤਾਂ ਉਨ੍ਹਾਂ ਨੂੰ ਘਰ ਦਾ ਸਾਮਾਨ ਖਿੱਲਰਿਆ ਹੋਇਆ ਮਿਲਿਆ। ਉਹਨਾਂ ਨੇ ਆਪਣੀ ਪਤਨੀ ਨੂੰ ਬੁਲਾਉਣ ਲਈ ਆਵਾਜ਼ ਮਾਰੀ ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਹਨਾਂ ਨੇ ਦੇਖਿਆ ਕਿ ਪਤਨੀ ਬਾਥਰੂਮ ਦੇ ਬਾਹਰ ਮਰੀ ਹੋਈ ਪਈ ਸੀ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਉਨ੍ਹਾਂ ਦੇ ਆਉਣ 'ਤੇ ਹੀ ਲੱਗਾ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਕੌਣ ਆਇਆ ਜਾਂ ਗਿਆ, ਇਸ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਹੈ।
ਸਾਬਕਾ ਆਈਏਐਸ ਕਨੌਜ ਦੇ ਵਸਨੀਕ ਹੈ: ਸੇਵਾਮੁਕਤ ਆਈਏਐਸ ਦੇਵੇਂਦਰ ਦੂਬੇ ਦੇ ਦੋ ਬੇਟੇ ਹਨ, ਪ੍ਰਾਂਜਲ ਅਤੇ ਪ੍ਰਤੀਕ। ਦੱਸਿਆ ਜਾ ਰਿਹਾ ਹੈ ਕਿ ਆਈਏਐਸ ਦਾ ਇਹ ਦੂਜਾ ਵਿਆਹ ਹੈ। ਇਸ ਦੇ ਨਾਲ ਹੀ ਪੁਲਿਸ ਆਸਪਾਸ ਲੱਗੇ ਸੀਸੀਟੀਵੀ ਦੀ ਛਾਣਬੀਣ ਵਿੱਚ ਲੱਗੀ ਹੋਈ ਹੈ। ਜਾਇੰਟ ਸੀਪੀ ਕ੍ਰਾਈਮ ਅਕਾਸ਼ ਕੁਲਹਾਰੀ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਵੇਂਦਰ ਦੂਬੇ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕਨੌਜ ਦੇ ਵਸਨੀਕ ਹਨ। ਉਹਨਾਂ ਨੂੰ ਪੀ.ਸੀ.ਐੱਸ.ਤੋਂ ਤਰੱਕੀ ਮਿਲੀ ਸੀ, ਫਿਲਹਾਲ ਉਹ ਆਪਣੀ ਪਤਨੀ ਨਾਲ ਇੰਦਰਾ ਨਗਰ 'ਚ ਰਹਿ ਰਹੇ ਸਨ।