ਮਹਾਰਾਸ਼ਟਰ/ਕੋਲਹਾਪੁਰ: ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ 'ਚ ਇੱਕ ਮਾਮੇ ਨੇ ਇਸ ਤਰ੍ਹਾਂ ਦਾ ਕਾਰਾ ਕਰ ਦਿੱਤਾ ਕਿ ਸੁਣ ਰੂਹ ਕੰਬ ਜਾਵੇਗੀ। ਆਪਣੀ ਭਾਣਜੀ ਦੇ ਵਿਆਹ ਦੇ ਖਿਲਾਫ ਇੱਕ ਮਾਮੇ ਕਥਿਤ ਤੌਰ 'ਤੇ ਆਪਣੀ ਭਾਣਜੀ ਦੇ ਵਿਆਹ ਦੇ ਰਿਸੈਪਸ਼ਨ 'ਚ ਦਾਖਲ ਹੋ ਗਿਆ ਅਤੇ ਮਹਿਮਾਨਾਂ ਲਈ ਬਣਾਏ ਗਏ ਖਾਣੇ 'ਚ ਜ਼ਹਿਰ ਮਿਲਾ ਦਿੱਤਾ। ਇਹ ਘਟਨਾ ਪਨਹਾਲਾ ਤਹਿਸੀਲ ਦੇ ਉਟਾਰੀ ਪਿੰਡ ਦੀ ਹੈ। ਖਬਰਾਂ ਮੁਤਾਬਿਕ ਉਹ ਆਪਣੀ ਭਾਣਜੀ ਦੇ ਵਿਆਹ ਦੇ ਖਿਲਾਫ ਸੀ। ਖਾਣੇ ਵਿੱਚ ਜ਼ਹਿਰ ਮਿਲਾਉਣ ਵਾਲੇ ਮੁਲਜ਼ਮ ਦਾ ਨਾਂ ਮਹੇਸ਼ ਪਾਟਿਲ ਹੈ।
ਖਾਣੇ ਵਿੱਚ ਜ਼ਹਿਰ ਮਿਲਾ ਕੇ ਹੋ ਗਿਆ ਫਰਾਰ
ਸ਼ੁਕਰ ਹੈ ਕਿ ਮਹਿਮਾਨਾਂ ਨੇ ਰਿਸੈਪਸ਼ਨ ਪਾਰਟੀ ਵਿੱਚ ਖਾਣਾ ਹੀ ਨਹੀਂ ਖਾਧਾ। ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭੋਜਨ ਦੇ ਨਮੂਨੇ ਜਾਂਚ ਲਈ ਫੋਰੈਂਸਿਕ ਲੈਬ ਨੂੰ ਭੇਜ ਦਿੱਤੇ ਗਏ ਹਨ। ਮੁਲਜ਼ਮ ਖਾਣੇ ਵਿੱਚ ਜ਼ਹਿਰ ਮਿਲਾ ਕੇ ਫਰਾਰ ਹੈ। ਪੁਲਿਸ ਮੁਤਾਬਕ ਮੁਲਜ਼ਮ ਵਿਅਕਤੀ ਨੂੰ ਕੁਝ ਲੋਕਾਂ ਨੇ ਫੜ ਲਿਆ ਸੀ ਪਰ ਉਹ ਕਿਸੇ ਤਰ੍ਹਾਂ ਭੱਜਣ 'ਚ ਕਾਮਯਾਬ ਹੋ ਗਿਆ। ਪਨਹਾਲਾ ਥਾਣੇ ਦੇ ਸਬ-ਇੰਸਪੈਕਟਰ ਮਹੇਸ਼ ਕੋਂਦੂਭੈਰੀ ਨੇ ਦੱਸਿਆ ਕਿ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਇਲਜ਼ਾਮ ਹੇਠ ਪਿੰਡ ਉਤਰੀ ਵਾਸੀ ਮਹੇਸ਼ ਪਾਟਿਲ ਅਤੇ ਲੜਕੀ ਦੇ ਮਾਮੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੜਕੀ ਨੇ ਪਿੰਡ ਦੇ ਹੀ ਲੜਕੇ ਨਾਲ ਕਰਵਾਇਆ ਵਿਆਹ
ਪੁਲਿਸ ਅਨੁਸਾਰ ਭਾਣਜੀ ਮੁਲਜ਼ਮ ਮਾਮੇ ਦੇ ਘਰ ਹੀ ਜੰਮੀ-ਪਲੀ ਸੀ। ਲੜਕੀ ਨੇ ਹਾਲ ਹੀ ਵਿੱਚ ਪਿੰਡ ਦੇ ਇੱਕ ਲੜਕੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ। ਪਾਟਿਲ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਇਸ ਲਈ ਉਸ ਨੇ ਮੰਗਲਵਾਰ ਨੂੰ ਇੱਕ ਹਾਲ ਵਿੱਚ ਵਿਆਹ ਸਮਾਗਮ ਦੌਰਾਨ ਭੰਨ-ਤੋੜ ਕੀਤੀ ਅਤੇ ਮਹਿਮਾਨਾਂ ਲਈ ਤਿਆਰ ਕੀਤੇ ਜਾ ਰਹੇ ਖਾਣੇ ਵਿਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਖਾਣੇ 'ਚ ਜ਼ਹਿਰੀਲਾ ਪਦਾਰਥ ਮਿਲਾ ਰਿਹਾ ਸੀ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਫੜ ਲਿਆ। ਹਾਲਾਂਕਿ ਉਹ ਕਿਸੇ ਤਰ੍ਹਾਂ ਉੱਥੋਂ ਫਰਾਰ ਹੋ ਗਿਆ।
ਪੁਲਿਸ ਨੇ ਮੁਲਜ਼ਮ ਵਿਅਕਤੀ ਦੇ ਖਿਲਾਫ ਧਾਰਾ 286 (ਜ਼ਹਿਰੀਲੇ ਪਦਾਰਥਾਂ ਦੇ ਸਬੰਧ ਵਿੱਚ ਲਾਪਰਵਾਹੀ ਵਾਲਾ ਵਿਵਹਾਰ), 125 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਅਪਰਾਧ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ।