ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦੇ ਚਾਰ ਪੜਾਅ ਪੂਰੇ ਹੋ ਗਏ ਹਨ। ਪੰਜਵੇਂ ਪੜਾਅ ਦੀ ਵੋਟਿੰਗ ਸੋਮਵਾਰ 20 ਮਈ ਨੂੰ ਹੋਵੇਗੀ। ਇਸ ਸਬੰਧੀ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੇ ਨਾਲ ਹੀ ਪੰਜਵੇਂ ਪੜਾਅ ਦੇ ਚੋਣ ਪ੍ਰਚਾਰ ਦਾ ਸਾਇਰਨ ਅੱਜ ਸ਼ਨੀਵਾਰ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਇਸੇ ਲਈ ਸਾਰੇ ਵੱਡੇ ਦਿੱਗਜ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਪੰਜਵੇਂ ਪੜਾਅ ਦੀ ਵੋਟਿੰਗ ਵਿੱਚ 8 ਰਾਜਾਂ ਦੀਆਂ 49 ਸੀਟਾਂ ਸ਼ਾਮਲ ਹਨ, ਜਿੱਥੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਇਸ ਪੜਾਅ ਵਿੱਚ ਕਈ ਪਤਵੰਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਆਓ ਇੱਕ ਨਜ਼ਰ ਮਾਰੀਏ
ਇਨ੍ਹਾਂ ਰਾਜਾਂ ਵਿੱਚ ਹੋਵੇਗੀ ਵੋਟਿੰਗ
- ਉੱਤਰ ਪ੍ਰਦੇਸ਼: ਲਖਨਊ, ਮੋਹਨਲਾਲਗੰਜ, ਹਮੀਰਪੁਰ, ਜਾਲੌਨ, ਰਾਏਬਰੇਲੀ, ਅਮੇਠੀ, ਝਾਂਸੀ, ਬਾਂਦਾ, ਫਤਿਹਪੁਰ, ਕੌਸ਼ਾਂਬੀ, ਬਾਰਾਬੰਕੀ, ਫੈਜ਼ਾਬਾਦ, ਕੈਸਰਗੰਜ ਅਤੇ ਗੋਂਡਾ।
- ਮਹਾਰਾਸ਼ਟਰ: ਧੂਲੇ, ਡਿੰਡੋਰੀ, ਨਾਸਿਕ, ਪਾਲਘਰ, ਭਿਵੰਡੀ, ਕਲਿਆਣ, ਠਾਣੇ, ਮੁੰਬਈ ਉੱਤਰੀ, ਮੁੰਬਈ ਉੱਤਰ-ਪੱਛਮ, ਮੁੰਬਈ ਉੱਤਰ-ਪੂਰਬ, ਮੁੰਬਈ ਉੱਤਰ-ਕੇਂਦਰੀ, ਮੁੰਬਈ ਦੱਖਣੀ-ਮੱਧ ਅਤੇ ਮੁੰਬਈ ਦੱਖਣੀ।
- ਬਿਹਾਰ: ਸੀਤਾਮੜੀ, ਮਧੁਬਨੀ, ਮੁਜ਼ੱਫਰਪੁਰ, ਸਾਰਣ ਅਤੇ ਹਾਜੀਪੁਰ।
- ਓਡੀਸ਼ਾ: ਬਰਗੜ੍ਸ ਸੁੰਦਰਗੜ੍ਹ, ਬੋਲਾਂਗੀਰ, ਕੰਧਮਾਲ ਅਤੇ ਅਸਕਾ।
- ਝਾਰਖੰਡ: ਚਤਰਾ, ਕੋਡਰਮਾ ਅਤੇ ਹਜ਼ਾਰੀਬਾਗ।
- ਪੱਛਮੀ ਬੰਗਾਲ: ਬਨਗਾਂਵ, ਬੈਰਕਪੁਰ, ਹਾਵੜਾ, ਉਲੂਬੇਰੀਆ, ਸ਼੍ਰੀਰਾਮਪੁਰ, ਹੁਗਲੀ ਅਤੇ ਅਰਾਮਬਾਗ।
- ਜੰਮੂ ਅਤੇ ਕਸ਼ਮੀਰ: ਬਾਰਾਮੂਲਾ
- ਲੱਦਾਖ
ਇਨ੍ਹਾਂ ਦਿੱਗਜਾਂ ਦੀ ਦਾਅ 'ਤੇ ਸਾਖ
ਰਾਏਬਰੇਲੀ ਅਤੇ ਅਮੇਠੀ ਵਿੱਚ ਜ਼ਬਰਦਸਤ ਟੱਕਰ: ਵਿਰੋਧੀ ਪਾਰਟੀਆਂ ਲਈ ਪੰਜਵੇਂ ਪੜਾਅ ਦੀ ਵੋਟਿੰਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਕਾਂਗਰਸ ਦੀਆਂ ਜੱਦੀ ਸੀਟਾਂ ਰਾਏਬਰੇਲੀ ਅਤੇ ਅਮੇਠੀ ਦੋਵੇਂ ਸ਼ਾਮਲ ਹਨ। ਇਸ ਵਾਰ ਰਾਹੁਲ ਗਾਂਧੀ ਰਾਏਬਰੇਲੀ ਤੋਂ ਸੋਨੀਆ ਗਾਂਧੀ ਦੀ ਥਾਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ।
ਬਾਰਾਮੂਲਾ ਤੋਂ ਸਿਆਸੀ ਦੌਰ 'ਚ ਉਮਰ ਅਬਦੁੱਲਾ: ਸੋਮਵਾਰ ਨੂੰ ਜੰਮੂ-ਕਸ਼ਮੀਰ ਦੀ ਸੀਟ ਬਾਰਾਮੂਲਾ 'ਚ ਵੀ ਵੋਟਿੰਗ ਹੋਵੇਗੀ। ਇਸ ਸੀਟ 'ਤੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪੀਪਲਜ਼ ਕਾਨਫਰੰਸ ਦੇ ਸੱਜਾਦ ਲੋਨ ਉਨ੍ਹਾਂ ਦੇ ਖਿਲਾਫ ਹਨ। ਜੇਕਰ ਉਮਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਰਾਜਨੀਤੀ ਵਿੱਚ ਰਹੀਆਂ ਹਨ। ਉਨ੍ਹਾਂ ਦੇ ਦਾਦਾ ਸ਼ੇਖ ਅਬਦੁੱਲਾ, ਪਿਤਾ ਫਾਰੂਕ ਅਬਦੁੱਲਾ ਸੂਬੇ ਦੇ ਸੀਐਮ ਰਹਿ ਚੁੱਕੇ ਹਨ।
ਸਾਰਣ ਸੀਟ ਬਣੀ ਹੌਟ ਸੀਟ: ਬਿਹਾਰ ਦੀ ਸਾਰਣ ਲੋਕ ਸਭਾ ਸੀਟ ਵੀ ਸੁਰਖੀਆਂ ਵਿੱਚ ਹੈ। ਇੱਥੋਂ ਭਾਜਪਾ ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਉਤਰੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਖਿਲਾਫ ਰਾਸ਼ਟਰੀ ਜਨਤਾ ਦਲ ਦੀ ਰੋਹਿਣੀ ਆਚਾਰੀਆ ਚੋਣ ਲੜ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਰੋਹਿਣੀ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਹ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਹੈ ਅਤੇ ਸਿੰਗਾਪੁਰ ਤੋਂ ਇੱਥੇ ਚੋਣ ਲੜਨ ਆਈ ਹੈ।