ਹੈਦਰਾਬਾਦ— ਤੇਲੰਗਾਨਾ 'ਚ ਭਾਰੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਸੂਬੇ 'ਚ ਕਈ ਥਾਵਾਂ 'ਤੇ ਸਥਿਤੀ ਖਰਾਬ ਹੋ ਗਈ ਹੈ। ਮੌਸਮ ਵਿਭਾਗ ਨੇ ਸੂਬੇ 'ਚ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦੇ ਅਨੁਸਾਰ ਆਦਿਲਾਬਾਦ, ਕੁਮੁਰਾਭੀਮ ਆਸਿਫਾਬਾਦ, ਮਨਚੇਰੀਅਲ, ਨਿਰਮਲ, ਨਿਜ਼ਾਮਾਬਾਦ, ਜਗਿਤਿਆਲ, ਯਾਦਾਦਰੀ ਭੁਵਨਗਿਰੀ, ਰੰਗਾਰੇਡੀ, ਹੈਦਰਾਬਾਦ, ਮਲਕਾਜਗਿਰੀ, ਵਿਕਾਰਾਬਾਦ, ਸੰਗਾਰੇਡੀ, ਮੇਡਕ ਅਤੇ ਕਾਮਰੇਡੀ ਵਰਗੇ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸੜਕਾਂ ਪਾਣੀ ਵਿੱਚ ਡੁੱਬ ਗਈਆਂ: ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ 'ਤੇ ਤੂਫਾਨ ਕਮਜ਼ੋਰ ਹੋ ਗਿਆ ਹੈ। ਇਸ ਮਹੀਨੇ ਦੀ 24 ਤਰੀਕ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਮੁੱਖ ਸਕੱਤਰ ਸ਼ਾਂਤੀਕੁਮਾਰੀ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੰਗਲਵਾਰ ਨੂੰ ਸੂਬੇ 'ਚ ਦਿਨ ਭਰ ਮੀਂਹ ਪਿਆ, ਜਿਸ ਕਾਰਨ ਲਗਭਗ ਸਾਰੇ ਜ਼ਿਲੇ ਪ੍ਰਭਾਵਿਤ ਹੋਏ। ਯਾਦਾਦਰੀ ਜ਼ਿਲ੍ਹੇ ਦੇ ਯਾਦਗਿਰੀਗੁਟਾ ਵਿੱਚ ਸਭ ਤੋਂ ਵੱਧ 16.8 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਰਾਜਧਾਨੀ ਹੈਦਰਾਬਾਦ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਅਤੇ ਸੜਕਾਂ ਗੋਡੇ ਗੋਡੇ ਪਾਣੀ ਨਾਲ ਭਰ ਗਈਆਂ। ਹੁਸੈਨਸਾਗਰ ਜਲ ਭੰਡਾਰ ਵਿੱਚ ਪਾਣੀ ਆਪਣੇ ਪੱਧਰ ਤੋਂ ਉੱਪਰ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਹੇਠਾਂ ਵੱਲ ਪਾਣੀ ਛੱਡਣ ਲਈ ਗੇਟ ਖੋਲ੍ਹ ਦਿੱਤੇ।
ਮੂਸੀ ਨਦੀ ਤੇਜ਼ ਹੋ ਰਹੀ : ਰੰਗਾਰੇਡੀ ਜ਼ਿਲੇ ਅਤੇ ਹੈਦਰਾਬਾਦ 'ਚ ਭਾਰੀ ਮੀਂਹ ਕਾਰਨ ਮੂਸੀ ਨਦੀ, ਸਹਾਇਕ ਨਦੀਆਂ ਅਤੇ ਨਾਲਿਆਂ 'ਚ ਉਛਾਲ ਹੈ। ਹੁਸੈਨਸਾਗਰ ਦੇ ਦਰਵਾਜ਼ੇ ਖੁੱਲ੍ਹਣ ਕਾਰਨ ਮੂਸੀ ਵਿੱਚ ਹੜ੍ਹ ਦਾ ਪਾਣੀ ਹੋਰ ਵਧ ਗਿਆ।