ਨਵੀਂ ਦਿੱਲੀ: ਹਰਿਆਣਾ ਦੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਦੇ ਇਲਜ਼ਾਮਾਂ 'ਤੇ ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਜੇਕਰ ਦਿੱਲੀ ਜਲ ਬੋਰਡ ਨੇ ਸਮੇਂ ਸਿਰ ਜ਼ਹਿਰ ਨਾ ਫੜਿਆ ਹੁੰਦਾ ਤਾਂ ਵੱਡਾ ਕਤਲੇਆਮ ਹੋ ਸਕਦਾ ਸੀ। ਚੋਣ ਕਮਿਸ਼ਨ ਨੇ ਕੇਜਰੀਵਾਲ ਤੋਂ ਸਬੂਤ ਮੰਗੇ ਹਨ, ਨਹੀਂ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਕੇਜਰੀਵਾਲ ’ਤੇ ਸਾਧੇ ਨਿਸ਼ਾਨੇ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਕੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਹਰਿਆਣਾ 'ਚ ਪਾਣੀ ਦੀ ਮਿਲਾਵਟ ਬਾਰੇ ਉਨ੍ਹਾਂ ਦੇ ਬਿਆਨ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਦੌਰਾਨ ਮੰਗਲਵਾਰ ਸ਼ਾਮ ਨੂੰ ਭਾਜਪਾ ਦਾ ਵਫ਼ਦ ਯਮੁਨਾ ਜਲ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲਿਆ। ਵਫ਼ਦ ਵਿੱਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਭੂਪੇਂਦਰ ਯਾਦਵ, ਭਾਜਪਾ ਦਿੱਲੀ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਲ ਸਨ।
ਚੋਣ ਜ਼ਾਬਤੇ ਖ਼ਿਲਾਫ਼ ਕੇਜਰੀਵਾਲ ਦਾ ਬਿਆਨ:
ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ "ਦਿੱਲੀ ਦੀ ਚੋਣ ਰਾਜਨੀਤੀ ਵਿੱਚ ਭਾਜਪਾ ਲਗਾਤਾਰ ਜਿੱਤ ਵੱਲ ਵਧ ਰਹੀ ਹੈ। ਇਸ ਤੋਂ ਨਿਰਾਸ਼ ਹੋ ਕੇ ਦਿੱਲੀ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ 'ਆਪ' ਨੇਤਾ ਕੇਜਰੀਵਾਲ ਅਰਾਜਕਤਾ ਵਾਲੀ ਮਾਨਸਿਕਤਾ ਨਾਲ ਦਿੱਲੀ ਦੀ ਰਾਜਨੀਤੀ 'ਚ ਜ਼ਹਿਰ ਘੋਲਣ 'ਤੇ ਉਤਰ ਆਏ ਹਨ। ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚ ਬੇਲੋੜਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਇਹ ਬਿਆਨ ਸਿੱਧੇ ਤੌਰ 'ਤੇ ਆਦਰਸ਼ ਚੋਣ ਜ਼ਾਬਤੇ ਦੇ ਵਿਰੁੱਧ ਹੈ। ਇਸ ਲਈ ਅਸੀਂ ਉਨ੍ਹਾਂ ਦੇ ਭਾਸ਼ਣ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਿੱਤੀ ਹੈ। ਚੋਣ ਕਮਿਸ਼ਨ ਨੇ ਸਾਡੀ ਗੱਲ ਦਾ ਨੋਟਿਸ ਲਿਆ ਹੈ ਅਤੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਬਿਆਨ ਚੋਣ ਜ਼ਾਬਤੇ ਦੇ ਵਿਰੁੱਧ ਹੈ।"
#WATCH | #DelhiElections2025 | After the BJP delegation meeting with the Election Commission regarding the Yamuna water issue, Union Minister Nirmala Sitharaman says, " ... we came to protest and submit our petition to the ec on the very unfair, irresponsible, and the violative of… pic.twitter.com/JQgzCzlUIX
— ANI (@ANI) January 28, 2025
"ਅਸੀਂ ਚੋਣ ਕਮਿਸ਼ਨ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੇ ਗਏ ਬਹੁਤ ਹੀ ਅਣਉਚਿਤ, ਗੈਰ-ਜ਼ਿੰਮੇਵਾਰਾਨਾ ਅਤੇ ਐੱਮਸੀਸੀ ਦੀ ਉਲੰਘਣਾ ਕਰਨ ਵਾਲੇ ਬਿਆਨ ਸਬੰਧੀ ਸ਼ਿਕਾਇਤ ਕਰਨ ਆਏ ਸੀ। ਇਹ ਬਹੁਤ ਹੀ ਖਤਰਨਾਕ ਬਿਆਨ ਹੈ। ਅਸੀਂ ਚੋਣ ਕਮਿਸ਼ਨ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਹੈ ਕਿ ਇੱਕ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਅਜਿਹੇ ਇਲਜ਼ਾਮ ਕਿਵੇਂ ਲਗਾ ਸਕਦੇ ਹਨ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਤਲੇਆਮ ਨਾਲ ਸਬੰਧਿਤ ਹੋਣ। ਅਸੀਂ ਮੰਗ ਕੀਤੀ ਹੈ ਕਿ ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ।" - ਨਿਰਮਲਾ ਸੀਤਾਰਮਨ, ਕੇਂਦਰੀ ਮੰਤਰੀ
ਹਰਿਆਣਾ ਸਰਕਾਰ 'ਤੇ ਕੇਜਰੀਵਾਲ ਦਾ ਇਲਜ਼ਾਮ:
ਅਰਵਿੰਦ ਕੇਜਰੀਵਾਲ ਨੇ ਕਿਹਾ ਸੀ, "ਲੋਕਾਂ ਨੂੰ ਪਿਆਸਾ ਮਾਰਨ ਤੋਂ ਵੱਡਾ ਕੋਈ ਪਾਪ ਨਹੀਂ ਹੈ।" ਭਾਜਪਾ ਆਪਣੀ ਗੰਦੀ ਰਾਜਨੀਤੀ ਲਈ ਦਿੱਲੀ ਦੇ ਲੋਕਾਂ ਨੂੰ ਪਿਆਸਾ ਮਾਰਨਾ ਚਾਹੁੰਦੀ ਹੈ। ਹਰਿਆਣਾ ਤੋਂ ਭਾਜਪਾ ਵਾਲੇ ਪਾਣੀ ਵਿੱਚ ਜ਼ਹਿਰ ਮਿਲਾ ਕੇ ਦਿੱਲੀ ਭੇਜ ਰਹੇ ਹਨ। ਜੇਕਰ ਦਿੱਲੀ ਦੇ ਲੋਕ ਇਹ ਪਾਣੀ ਪੀ ਲੈਣ ਤਾਂ ਬਹੁਤ ਸਾਰੇ ਲੋਕ ਮਰ ਜਾਣਗੇ। ਕੀ ਇਸ ਤੋਂ ਵੱਧ ਘਿਣਾਉਣੀ ਹੋਰ ਕੋਈ ਗੱਲ ਹੋ ਸਕਦੀ ਹੈ ? ਜੋ ਜ਼ਹਿਰ ਪਾਣੀ ਵਿੱਚ ਮਿਲਾ ਕੇ ਭੇਜਿਆ ਜਾ ਰਿਹਾ ਹੈ, ਉਹ ਵਾਟਰ ਟਰੀਟਮੈਂਟ ਪਲਾਂਟ ਵਿੱਚ ਵੀ ਸਾਫ਼ ਨਹੀਂ ਕੀਤਾ ਜਾ ਸਕਦਾ। ਦਿੱਲੀ ਦੇ ਲੋਕਾਂ ਦੀ ਸੁਰੱਖਿਆ ਲਈ ਕਈ ਇਲਾਕਿਆਂ 'ਚ ਪਾਣੀ ਬੰਦ ਕਰਨਾ ਪਿਆ ਹੈ। ਭਾਜਪਾ ਵਾਲੇ ਦਿੱਲੀ ਵਾਸੀਆਂ ਦਾ ਕਤਲੇਆਮ ਕਰਨਾ ਚਾਹੁੰਦੇ ਹਨ। ਅਸੀਂ ਅਜਿਹਾ ਬਿਲਕੁਲ ਨਹੀਂ ਹੋਣ ਦੇਵਾਂਗੇ।
ਮੂਨਕ ਨਹਿਰ ਰਾਹੀਂ ਹਰਿਆਣੇ ਤੋਂ ਦਿੱਲੀ ਨੂੰ ਆਉਂਦਾ ਹੈ ਪਾਣੀ:
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਨੂੰ ਪੀਣ ਵਾਲਾ ਪਾਣੀ ਹਰਿਆਣਾ ਤੋਂ ਮੂਨਕ ਨਹਿਰ ਰਾਹੀਂ ਸਪਲਾਈ ਕੀਤਾ ਜਾਂਦਾ ਹੈ, ਜਿਸ ਲਈ ਦਿੱਲੀ ਸਰਕਾਰ ਹਰਿਆਣਾ ਸਰਕਾਰ ਨੂੰ ਮੁਲਜ਼ਮ ਠਹਿਰਾਉਂਦੀ ਰਹਿੰਦੀ ਹੈ। ਗਰਮੀਆਂ ਦੇ ਮੌਸਮ ਦੌਰਾਨ ਵੀ ਦਿੱਲੀ ਸਰਕਾਰ ਲਗਾਤਾਰ ਹਰਿਆਣਾ ਸਰਕਾਰ 'ਤੇ ਦਿੱਲੀ ਨੂੰ ਘੱਟ ਪਾਣੀ ਦੇਣ ਦੇ ਇਲਜ਼ਾਮ ਲਾਉਂਦੀ ਰਹੀ ਹੈ। ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਯਮੁਨਾ ਜਲ ਨੂੰ ਲੈ ਕੇ ਇੱਕ ਵਾਰ ਫਿਰ ਸਿਆਸਤ ਸ਼ੁਰੂ ਹੋ ਗਈ ਹੈ। ਹੁਣ ਚੋਣਾਂ ਦੇ ਸਮੇਂ ਇਸ ਪਾਣੀ ਦਾ ਮੁੱਦਾ ਉਠਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ ਜਾਂ ਭਾਜਪਾ ਨੂੰ।