ਅੰਬਾਲਾ/ਹਰਿਆਣਾ/ਦਿੱਲੀ: ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੁਲਿਸ ਪ੍ਰਸ਼ਾਸਨ ਚੌਕਸ ਨਜ਼ਰ ਆ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਅੰਬਾਲਾ ਪੁਲਿਸ ਨੇ ਪੰਜਾਬ ਤੋਂ ਆਉਣ ਵਾਲੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਅੰਬਾਲਾ ਪੁਲਿਸ ਨੇ ਹਰਿਆਣਾ ਪੰਜਾਬ ਬਾਰਡਰ 'ਤੇ ਬੈਰੀਕੇਡਿੰਗ ਦੀਆਂ ਤਿੰਨ ਪਰਤਾਂ ਲਗਾਈਆਂ ਹਨ। ਮੌਕੇ 'ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਦਿੱਲੀ ਅਤੇ ਅੰਮ੍ਰਿਤਸਰ ਨੂੰ ਜਾਣ ਵਾਲੇ ਰਸਤਿਆਂ ਨੂੰ ਕਈ ਥਾਵਾਂ ਤੋਂ ਡਾਇਵਰਟ ਕੀਤਾ ਗਿਆ ਹੈ।
ਪੰਜਾਬ ਬਾਰਡਰ ਸੀਲ: ਅੰਬਾਲਾ ਪੁਲਿਸ ਪ੍ਰਸ਼ਾਸਨ ਨੇ ਸ਼ੰਭੂ ਟੋਲ ਪਲਾਜ਼ਾ ਅਤੇ ਸੱਦੋਪੁਰ ਬਾਰਡਰ ਨੂੰ ਵੀ ਸੀਲ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣਾ ਸਮਾਨ ਲੈ ਕੇ ਕਈ ਕਿਲੋਮੀਟਰ ਤੱਕ ਪੈਦਲ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਤੋਂ ਆ ਰਹੇ ਹਨ ਪਰ ਬੱਸ ਚਾਲਕ ਨੇ ਉਨ੍ਹਾਂ ਨੂੰ ਕਾਫੀ ਦੂਰ ਰੋਕ ਲਿਆ ਜਿਸ ਕਾਰਨ ਉਨ੍ਹਾਂ ਨੂੰ ਪੈਦਲ ਜਾਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟ੍ਰੈਫਿਕ ਇੰਚਾਰਜ ਜੋਗਿੰਦਰ ਨੇ ਦੱਸਿਆ ਕਿ 13 ਤਰੀਕ ਨੂੰ ਕਿਸਾਨ ਅੰਦੋਲਨ ਹੈ ਅਤੇ ਸਰਕਾਰ ਦੇ ਹੁਕਮ ਹਨ ਕਿ ਕੋਈ ਅੱਗੇ ਨਾ ਜਾਵੇ, ਇਸ ਲਈ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਪੁਲਿਸ ਸੁਪਰਡੈਂਟ ਨੇ ਕਿਸਾਨਾਂ ਦੇ ਦਿੱਲੀ ਮਾਰਚ ਸਬੰਧੀ ਸਿਰਸਾ ਮਿੰਨੀ ਸਕੱਤਰੇਤ ਵਿਖੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਅਰਧ ਸੈਨਿਕ ਬਲਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਐਸਪੀ ਹਿਮਾਂਸ਼ੂ ਗਰਗ ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਮਾਰਚ ਕਰਨ ਦਾ ( Farmer March in Delhi) ਐਲਾਨ ਕੀਤਾ ਹੈ।
ਕਿਸਾਨ ਆਗੂ ਪੰਧੇਰ ਨੇ ਕਿਹਾ- ਘਬਰਾਓ ਨਾ ਹਰਿਆਣਾ ਵਾਲਿਓ: ਦੂਜੇ ਪਾਸੇ, ਅੰਮ੍ਰਿਤਸਰ ਤੋਂ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਬਾਰੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ, "ਕਿਸਾਨ ਯੂਨੀਅਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਅਰਜੁਨ ਮੁੰਡਾ, ਪਿਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਨਾਲ ਮੀਟਿੰਗ 12 ਤਰੀਕ ਨੂੰ ਸ਼ਾਮ 5 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਗੱਲ ਕਰਨ ਲਈ ਬੁਲਾ ਰਹੀ ਹੈ, ਦੂਜੇ ਪਾਸੇ ਹਰਿਆਣਾ ਵਿੱਚ ਸਰਕਾਰ ਸਖ਼ਤ ਬੈਰੀਕੇਡਿੰਗ ਕਰ ਰਹੀ ਹੈ। ਸੋ, ਸਾਡੇ ਵਲੋਂ ਗੱਲਬਾਤ ਵੀ ਕੀਤੀ ਜਾਵੇਗੀ ਤੇ ਅੰਦੋਲਨ ਦੀ ਤਿਆਰੀ ਵੀ ਜਾਰੀ ਰਹੇਗੀ।"
ਪੁਲਿਸ ਵਲੋਂ ਸਖ਼ਤ ਪਹਿਰਾ: ਕਿਸਾਨਾਂ ਦੇ 13 ਫ਼ਰਵਰੀ ਨੂੰ ਦਿੱਲੀ ਵੱਲ ਮਾਰਚ ਦੇ ਸੱਦੇ ਤੋਂ ਪਹਿਲਾਂ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਨੇੜੇ ਸੁਰੱਖਿਆ ਸਖ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਤੋਂ ਮਾਰਚ ਦੇ ਸੱਦੇ ਤੋਂ ਪਹਿਲਾਂ ਅੰਬਾਲਾ-ਕੈਥਲ ਬਾਈਪਾਸ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਅੰਬਾਲਾ, ਹਰਿਆਣਾ ਵਿਖੇ ਡੀਸੀਪੀ ਅਰਸ਼ਦੀਪ ਸਿੰਘ ਦਾ ਕਹਿਣਾ ਹੈ, "ਕਿਸਾਨਾਂ ਦੇ ਅੰਦੋਲਨ ਦੇ ਕਾਰਨ, ਅਸੀਂ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਜਦੋਂ ਕਿਸਾਨ ਇੱਥੇ ਆਉਣਗੇ, ਅਸੀਂ ਉਨ੍ਹਾਂ ਨੂੰ ਇਸ ਤੋਂ ਅੱਗੇ ਨਾ ਜਾਣ ਦੀ ਬੇਨਤੀ ਕਰਾਂਗੇ, ਕਿਉਂਕਿ ਉਨ੍ਹਾਂ ਕੋਲ ਇਜਾਜ਼ਤ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਅੰਦੋਲਨ ਨੂੰ ਸ਼ਾਂਤੀਪੂਰਵਕ ਖ਼ਤਮ ਕਰਨ।"
ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ: ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਕੇਂਦਰ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਭੇਜੀਆਂ ਹਨ। ਦੱਸ ਦਈਏ ਕਿ ਕਿਸਾਨਾਂ ਦੇ ਦਿੱਲੀ ਮਾਰਚ ਕਾਰਨ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹੇ ਸ਼ਾਮਲ ਹਨ।