ਬਰਨਾਲਾ: ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਜੋਸ਼ੋਰ ਨਾਲ ਕਰ ਰਹੇ ਹਨ। ਉਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਿਵਾਲੀ ਦੇ ਸ਼ੁਭ ਦਿਹਾੜੇ 'ਤੇ ਭਗਵਾਨ ਸ੍ਰੀ ਰਾਮ ਦੀ ਸ਼ਰਨ ਪਹੁੰਚੇ ਹਨ।
ਦੀਵਾਲੀ ਦੇ ਸ਼ੁੱਭ ਦਿਹਾੜੇ ਮੌਕੇ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਵਲੋਂ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਦੇ ਜਨਮ ਅਸਥਾਨ ਪਵਿੱਤਰ ਸ੍ਰੀ ਰਾਮ ਮੰਦਰ ਦੇ ਦਰਸ਼ਨ ਕੀਤੇ ਗਏ। ਉਹਨਾਂ ਇਸ ਦੌਰਾਨ ਮੰਦਰ ਵਿੱਚ ਵਿੱਚ ਮੱਥਾ ਟੇਕਿਆ ਅਤੇ ਰਾਮ ਭਗਵਾਨ ਅੱਗੇ ਸਰਬੱਤ ਦੇ ਭਲੇ ਦੀ ਪੂਜਾ ਅਰਚਨਾ ਕੀਤੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੀਵਾਲੀ ਦੇ ਪਵਿੱਤਰ ਦਿਨ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਣਾ ਅਤੇ ਮੱਥਾ ਟੇਕਣਾ ਮੇਰੇ ਲਈ ਬਹੁਤ ਸ਼ੁਭਾਗ ਭਰਿਆ ਹੈ। ਇਹ ਬਹੁਤ ਹੀ ਪਵਿੱਤਰ ਅਸਥਾਨ ਹੈ ਅਤੇ ਇਸ ਨਾਲ ਸਾਡੀਆਂ ਬਹੁਤ ਸਾਰੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ਅਤੇ ਮੈਂ ਇਹ ਮੌਕਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ।
ਉਹਨਾਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ੍ਰੀ ਰਾਮ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਪਣੇ ਘਰ ਪਰਤੇ ਸਨ ਜਿਸ ਕਰਕੇ ਅੱਜ ਦੇ ਦਿਨ ਉਹਨਾਂ ਦੇ ਪਵਿੱਤਰ ਅਸਥਾਨ ’ਤੇ ਮੱਥਾ ਟੇਕਣਾ ਅਤੇ ਭਗਵਾਨ ਦੇ ਦਰਸ਼ਨ ਕਰਨੇ ਬਹੁਤ ਖੁਸ਼ਕਿਸ਼ਮਤੀ ਵਾਲੀ ਗੱਲ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਮੈਂ ਰਾਮ ਲੱਲਾ ਜੀ ਅੱਗੇ ਬਰਨਾਲਾ, ਪੰਜਾਬ ਅਤੇ ਪੂਰੇ ਦੇਸ਼ ਦੁਨੀਆਂ ਦੇ ਲੋਕਾਂ ‘ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਅਤੇ ਹਰ ਘਰ ਵਿੱਚ ਖੁਸ਼ੀਆਂ ਖੇੜੇ ਬਰਕਰਾਰ ਰਹਿਣ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਭਗਵਾਨ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।
ਹਿੰਦੂ ਵੋਟ ਬੈਂਕ ਉੱਪਰ ਪੈ ਸਕਦਾ ਹੈ ਅਸਰ
ਜ਼ਿਕਰਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਦੀ ਸੀਟ ਇੱਕ ਸ਼ਹਿਰੀ ਸੀਟ ਹੈ ਅਤੇ ਇਸ ਉਪਰ ਹਿੰਦੂ ਵੋਟਰਾਂ ਦਾ ਚੰਗਾ ਪ੍ਰਭਾਵ ਹੈ। ਬਰਨਾਲਾ ਦੀ ਇਸ ਸੀਟ ਉੱਪਰ 50 ਫੀਸਦੀ ਦੇ ਕਰੀਬ ਹਿੰਦੂ ਵੋਟ ਬੈਂਕ ਹੈ। ਉਥੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਕੋਰ ਵੋਟ ਦਾ ਰਾਮ ਮੰਦਿਰ ਨਾਲ ਸਿੱਧਾ ਸੰਬੰਧ ਰਿਹਾ ਹੈ। ਜਿਸ ਕਰਕੇ ਭਾਜਪਾ ਉਮੀਦਵਾਰ ਨੂੰ ਇਸ ਦਾ ਫਾਇਦਾ ਹੋਣ ਦੀ ਸੰਭਾਵਨਾ ਹੈ।