ਨਵੀਂ ਦਿੱਲੀ: ਇੰਨ੍ਹਾਂ ਅਟਕਲਾਂ ਦੇ ਵਿਚਕਾਰ ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਟੀਐਮਸੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਰਾਹ ਅਪਣਾ ਸਕਦੇ ਹਨ ਅਤੇ ਵਿਰੋਧੀ ਗਠਜੋੜ ਇੰਡੀਆ ਤੋਂ ਅਲੱਗ ਹੋ ਸਕਦੇ ਹਨ। ਕਾਂਗਰਸ ਵਧੀਆ ਦੀ ਉਮੀਦ ਕਰ ਰਹੀ ਹੈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਸਭ ਤੋਂ ਪੁਰਾਣੀ ਪਾਰਟੀ ਦੇ ਅੰਦਰ ਇਹ ਚਿੰਤਾਵਾਂ ਸਨ ਕਿ ਜੇਡੀਯੂ ਦਾ ਪ੍ਰਧਾਨ ਬਣਨ ਤੋਂ ਬਾਅਦ ਨਿਤੀਸ਼ ਕੁਮਾਰ ਦਾ ਪਾਰਟੀ 'ਤੇ ਪੂਰਾ ਕੰਟਰੋਲ ਹੋ ਗਿਆ ਹੈ, ਜਿਸ ਕਾਰਨ ਉਹ ਮਮਤਾ ਬੈਨਰਜੀ ਦੀ ਤਰਜ਼ 'ਤੇ ਵਿਰੋਧੀ ਗਠਜੋੜ ਨੂੰ ਕਰਾਰਾ ਝਟਕਾ ਦੇ ਸਕਦੇ ਹਨ।
ਉਥੇ ਹੀ ਮਮਤਾ ਦਾ ਝਟਕਾ ਦੇਣ ਦਾ ਸਮਾਂ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਇਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੇ ਪੱਛਮੀ ਬੰਗਾਲ ਵਿੱਚ ਦਾਖਲ ਹੋਣ ਤੋਂ ਇੱਕ ਦਿਨ ਪਹਿਲਾਂ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਸੀ। ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਚਿੰਤਾ ਹੁਣ ਬਿਹਾਰ ਨੂੰ ਲੈ ਕੇ ਹੈ, ਜਿੱਥੇ 30 ਜਨਵਰੀ ਨੂੰ ਬਿਹਾਰ ਦੇ ਪੂਰਨੀਆ 'ਚ ਰਾਹੁਲ ਦੀ ਪ੍ਰਸਤਾਵਿਤ ਰੈਲੀ ਨੂੰ ਵਿਰੋਧੀ ਏਕਤਾ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਸੀ। 30 ਜਨਵਰੀ ਦੀ ਰੈਲੀ ਵਿੱਚ ਕਾਂਗਰਸ ਦੇ ਸਾਰੇ ਸਹਿਯੋਗੀ ਰਾਸ਼ਟਰੀ ਜਨਤਾ ਦਲ, ਜਨਤਾ ਦਲ-ਯੂ ਅਤੇ ਖੱਬੇ ਪੱਖੀ ਪਾਰਟੀਆਂ ਦੇ ਸ਼ਾਮਲ ਹੋਣ ਦੀ ਉਮੀਦ ਸੀ।
ਹਾਲਾਂਕਿ, ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਅੰਦਰ ਚਿੰਤਾਵਾਂ ਸਨ ਕਿ ਨਿਤੀਸ਼ ਕੁਮਾਰ ਇੰਡੀਆ ਗਠਜੋੜ ਤੋਂ ਵਾਕਆਊਟ ਕਰ ਸਕਦੇ ਹਨ ਅਤੇ ਪੂਰਨੀਆ ਰੈਲੀ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ। ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਨਿਤੀਸ਼ ਕੁਮਾਰ ਅਜੇ ਵੀ ਸਾਡੇ ਨਾਲ ਕਿਉਂ ਹਨ। ਪਾਰਟੀ ਅੰਦਰ ਚਿੰਤਾ ਹੈ ਕਿ ਉਹ ਮਮਤਾ ਬੈਨਰਜੀ ਦੇ ਰਾਹ 'ਤੇ ਚੱਲ ਸਕਦੇ ਹਨ। ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਜਨਤਕ ਤੌਰ 'ਤੇ ਪ੍ਰਸ਼ੰਸਾ ਨੇ ਪਾਰਟੀ ਅੰਦਰ ਨਾਰਾਜ਼ਗੀ ਵਧਾ ਦਿੱਤੀ ਹੈ। ਜੇਕਰ ਉਹ ਇੰਡੀਆ ਗਠਜੋੜ ਨੂੰ ਛੱਡਣ ਦੀ ਚੋਣ ਕਰਦੇ ਹਨ, ਤਾਂ ਨਿਤੀਸ਼ ਕੁਮਾਰ ਯਕੀਨੀ ਤੌਰ 'ਤੇ ਭਾਜਪਾ ਨਾਲ ਚੋਣ ਤੋਂ ਪਹਿਲਾਂ ਸਮਝੌਤਾ ਕਰਨਗੇ।
ਉਥੇ ਹੀ ਬਿਹਾਰ 'ਚ ਚਿੰਤਾ ਦੇ ਸਬੰਧ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਏ.ਆਈ.ਸੀ.ਸੀ. ਦੇ ਸੂਬਾ ਇੰਚਾਰਜ ਮੋਹਨ ਪ੍ਰਕਾਸ਼ ਨੂੰ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਮੁੜ ਮੁਲਾਂਕਣ ਕਰਨ ਅਤੇ ਉਨ੍ਹਾਂ ਨੂੰ ਸੂਚਿਤ ਕਰਨ ਲਈ ਕਿਹਾ ਹੈ। ਇਸੇ ਲੜੀ ਤਹਿਤ ਏ.ਆਈ.ਸੀ.ਸੀ. ਦੇ ਬਿਹਾਰ ਇੰਚਾਰਜ ਸਕੱਤਰ ਅਜੇ ਕਪੂਰ ਨੇ ਦੱਸਿਆ ਕਿ ਮੈਂ ਸੂਬਾ ਇੰਚਾਰਜ ਜਨਰਲ ਸਕੱਤਰ ਨੂੰ ਮਿਲਣ ਜਾ ਰਿਹਾ ਹਾਂ। ਉਸ ਤੋਂ ਬਾਅਦ ਹੀ ਮੈਂ ਨਿਤੀਸ਼ ਕੁਮਾਰ ਦੇ ਮੁੱਦੇ 'ਤੇ ਕੁਝ ਕਹਿ ਸਕਾਂਗਾ। ਪਰ ਮੈਨੂੰ ਉਮੀਦ ਹੈ ਕਿ ਨਿਤੀਸ਼ ਕੁਮਾਰ 30 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣਗੇ।
ਇਸੇ ਤਰ੍ਹਾਂ ਬਿਹਾਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੌਕਬ ਕਾਦਰੀ ਨੇ ਕਿਹਾ ਕਿ ਜੇਕਰ ਸਾਰੀਆਂ ਸਹਿਯੋਗੀ ਪਾਰਟੀਆਂ ਹਿੱਸਾ ਲੈਣ ਤਾਂ ਪੂਰਨੀਆ ਰੈਲੀ ਨਿਸ਼ਚਿਤ ਤੌਰ 'ਤੇ ਵਿਰੋਧੀ ਏਕਤਾ ਦਾ ਸੁਨੇਹਾ ਦੇਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸਾਥੀਆਂ ਨੂੰ ਸੱਦਾ ਪੱਤਰ ਭੇਜ ਦਿੱਤੇ ਗਏ ਹਨ। ਅਸੀਂ ਰੈਲੀ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਕਾਂਗਰਸ ਦੇ ਅੰਦਰੂਨੀ ਸੂਤਰਾਂ ਦੇ ਅਨੁਸਾਰ, ਨਿਤੀਸ਼ ਕੁਮਾਰ 'ਤੇ ਸ਼ੱਕ ਉਦੋਂ ਪੈਦਾ ਹੋਇਆ ਜਦੋਂ ਜੇਡੀ-ਯੂ ਮੁਖੀ ਨੇ 24 ਜਨਵਰੀ ਨੂੰ ਰਾਜ ਦੇ ਪ੍ਰਸਿੱਧ ਨੇਤਾ ਮਰਹੂਮ ਕਰਪੁਰੀ ਠਾਕੁਰ ਨੂੰ ਦੇਸ਼ ਦਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਜਨਤਕ ਤੌਰ 'ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਹਾਲ ਹੀ ਵਿੱਚ, ਮੁੱਖ ਮੰਤਰੀ ਨੇ ਸਹਿਯੋਗੀ ਲਾਲੂ ਯਾਦਵ ਨੂੰ ਸੁਝਾਅ ਦਿੱਤਾ ਸੀ ਕਿ ਇੰਡੀਆ ਗਠਜੋੜ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨ ਲਈ 2025 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਪਰ ਰਾਸ਼ਟਰੀ ਜਨਤਾ ਦਲ ਦੇ ਮੁਖੀ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਨਿਤੀਸ਼ ਕੁਮਾਰ ਭਾਜਪਾ ਨਾਲ ਸਨ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਵਿੱਚ ਖੁੱਲ੍ਹਾ ਹੱਥ ਸੀ ਪਰ ਸਰਕਾਰ ਵਿੱਚ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੇ ਪ੍ਰਭਾਵ ਕਾਰਨ ਉਨ੍ਹਾਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਨਿਤੀਸ਼ ਸ਼ਾਇਦ ਕੋਈ ਬਦਲ ਲੱਭ ਰਹੇ ਹਨ। ਏਆਈਸੀਸੀ ਦੇ ਸਾਬਕਾ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨਿਤੀਸ਼ ਕੁਮਾਰ ਇੰਡੀਆ ਗਠਜੋੜ ਵਿੱਚ ਬਣੇ ਰਹਿਣਗੇ ਅਤੇ 30 ਜਨਵਰੀ ਨੂੰ ਹੋਣ ਵਾਲੀ ਰੈਲੀ ਵਿੱਚ ਹਿੱਸਾ ਲੈਣਗੇ।