ਲਖਨਊ: ਯੂਪੀ ਵਿੱਚ ਮਾਈਨਿੰਗ ਘੁਟਾਲੇ ਦੇ ਸਬੰਧ ਵਿੱਚ ਸੀਬੀਆਈ ਨੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਕੱਲ੍ਹ ਯਾਨੀ ਵੀਰਵਾਰ ਨੂੰ ਦਿੱਲੀ ਸਥਿਤ ਸੀਬੀਆਈ ਹੈੱਡਕੁਆਰਟਰ ਵਿੱਚ ਤਲਬ ਕੀਤਾ ਹੈ। ਸੀਬੀਆਈ ਨੇ ਅਖਿਲੇਸ਼ ਨੂੰ ਗਵਾਹ ਵਜੋਂ ਤਲਬ ਕੀਤਾ ਹੈ।
ਆਈਏਐਸ ਅਧਿਕਾਰੀਆਂ ਅਤੇ ਮੰਤਰੀਆਂ ਦੇ ਘਰ ਛਾਪੇ: ਦੱਸ ਦੇਈਏ ਕਿ ਅਖਿਲੇਸ਼ ਸਰਕਾਰ ਦੌਰਾਨ ਯੂਪੀ ਦੇ ਹਮੀਰਪੁਰ ਅਤੇ ਸੋਨਭੱਦਰ ਵਿੱਚ 100 ਕਰੋੜ ਰੁਪਏ ਤੋਂ ਵੱਧ ਦਾ ਮਾਈਨਿੰਗ ਘੁਟਾਲਾ ਹੋਇਆ ਸੀ। 30 ਜੂਨ, 2017 ਨੂੰ ਸੀਬੀਆਈ ਨੇ ਮਾਈਨਿੰਗ ਘੁਟਾਲੇ ਦੇ ਮਾਮਲੇ ਵਿੱਚ ਪਹਿਲੀ ਐਫਆਈਆਰ ਦਰਜ ਕੀਤੀ ਸੀ, ਜਿਸ ਤੋਂ ਬਾਅਦ ਸੀਬੀਆਈ ਨੇ ਕਈ ਆਈਏਐਸ ਅਧਿਕਾਰੀਆਂ ਅਤੇ ਮੰਤਰੀਆਂ ਦੇ ਘਰ ਛਾਪੇ ਮਾਰੇ ਸਨ। ਇਸ ਮਾਮਲੇ ਵਿੱਚ ਸੀਬੀਆਈ ਨੇ ਹੁਣ ਅਖਿਲੇਸ਼ ਯਾਦਵ ਨੂੰ ਭਲਕੇ ਦਿੱਲੀ ਸੀਬੀਆਈ ਹੈੱਡਕੁਆਰਟਰ ਵਿੱਚ ਤਲਬ ਕੀਤਾ ਹੈ।
ਚਾਰ ਸਾਲਾਂ ਵਿੱਚ ਕਰੀਬ 22 ਟੈਂਡਰ ਪਾਸ: ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਉੱਤਰ ਪ੍ਰਦੇਸ਼ 'ਚ ਸਪਾ ਸਰਕਾਰ ਦੌਰਾਨ ਹੋਇਆ ਸੀ। 2012 ਤੋਂ 2016 ਦਰਮਿਆਨ ਮਾਈਨਿੰਗ ਵਿਭਾਗ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਕੋਲ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਕਰੀਬ 22 ਟੈਂਡਰ ਪਾਸ ਕੀਤੇ ਗਏ। ਬਾਅਦ ਵਿੱਚ ਇਹ ਟੈਂਡਰ ਵਿਵਾਦਾਂ ਵਿੱਚ ਘਿਰ ਗਏ। ਕੁਝ ਮਾਮਲੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਦੇ ਕਾਰਜਕਾਲ ਨਾਲ ਵੀ ਜੁੜੇ ਹਨ ਕਿਉਂਕਿ ਅਖਿਲੇਸ਼ ਤੋਂ ਬਾਅਦ ਪ੍ਰਜਾਪਤੀ ਨੇ ਮਾਈਨਿੰਗ ਵਿਭਾਗ ਦਾ ਚਾਰਜ ਸੰਭਾਲ ਲਿਆ ਸੀ।