ਬੈਂਗਲੁਰੂ: ਕਰਨਾਟਕ ਦੇ ਕਲਬੁਰਗੀ ਵਿੱਚ ਇੱਕ ਵਿਅਕਤੀ ਨੇ ਓਲਾ ਦੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ। ਮੁਹੰਮਦ ਨਦੀਮ ਨਾਂ ਦੇ ਵਿਅਕਤੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ ਦੀ ਸਹੀ ਸਰਵਿਸ ਨਹੀਂ ਮਿਲ ਰਹੀ ਸੀ। ਅਜਿਹੇ 'ਚ ਉਸ ਨੇ ਪਰੇਸ਼ਾਨ ਹੋ ਕੇ ਪੂਰੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ। ਦਰਅਸਲ, ਨਦੀਮ ਨੇ ਇਕ ਮਹੀਨਾ ਪਹਿਲਾਂ 1.40 ਲੱਖ ਰੁਪਏ ਦਾ ਇਲੈਕਟ੍ਰਿਕ ਸਕੂਟਰ ਖਰੀਦਿਆ ਸੀ, ਪਰ ਇਕ-ਦੋ ਦਿਨ ਬਾਅਦ ਇਸ ਵਿਚ ਦਿੱਕਤ ਆਉਣ ਲੱਗੀ। ਉਹ ਕਈ ਵਾਰ ਸ਼ੋਅਰੂਮ ਗਿਆ, ਪਰ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਅਜਿਹੇ 'ਚ ਉਸ ਨੇ ਗੁੱਸੇ 'ਚ ਆ ਕੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ।
ਪੁਲਸ ਮੁਤਾਬਕ ਮੁਹੰਮਦ ਨਦੀਮ ਨਾਂ ਦੇ 26 ਸਾਲਾ ਵਿਅਕਤੀ ਨੇ ਮੰਗਲਵਾਰ ਨੂੰ ਸ਼ੋਅਰੂਮ 'ਚ ਗਾਹਕ ਸੇਵਾ ਅਧਿਕਾਰੀਆਂ ਨਾਲ ਬਹਿਸ ਕੀਤੀ ਅਤੇ ਫਿਰ ਪੈਟਰੋਲ ਪਾ ਕੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ। ਅੱਗ ਨਾਲ ਛੇ ਗੱਡੀਆਂ ਅਤੇ ਕੰਪਿਊਟਰ ਸਿਸਟਮ ਤਬਾਹ ਹੋ ਗਏ।
ਸਕੂਟਰ ਵਾਰ-ਵਾਰ ਖਰਾਬ ਹੋ ਰਹੀ ਸੀ
ਪੇਸ਼ੇ ਤੋਂ ਮਕੈਨਿਕ ਨਦੀਮ ਨੇ ਹਾਲ ਹੀ 'ਚ 1.4 ਲੱਖ ਰੁਪਏ 'ਚ ਈ-ਸਕੂਟਰ ਖਰੀਦਿਆ ਸੀ। ਹਾਲਾਂਕਿ ਖਰੀਦ ਦੇ 1-2 ਦਿਨ ਬਾਅਦ ਹੀ ਵਾਹਨ ਦੀ ਬੈਟਰੀ ਅਤੇ ਸਾਊਂਡ ਸਿਸਟਮ 'ਚ ਤਕਨੀਕੀ ਖਰਾਬੀ ਆਉਣ ਲੱਗੀ।
ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਨਦੀਮ ਅਨੁਸਾਰ ਉਹ ਵਾਰ-ਵਾਰ ਆਪਣੇ ਸਕੂਟਰ ਦੀ ਮੁਰੰਮਤ ਕਰਵਾਉਣ ਲਈ ਸ਼ੋਅਰੂਮ 'ਤੇ ਗਿਆ ਪਰ ਕਿਸੇ ਨੇ ਵੀ ਉਸ ਦੀ ਸ਼ਿਕਾਇਤ ਦਾ ਸਹੀ ਨਿਪਟਾਰਾ ਨਹੀਂ ਕੀਤਾ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ | ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸਾਢੇ ਅੱਠ ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ
ਅੱਗ ਨਾਲ ਸਾਰਾ ਸ਼ੋਅਰੂਮ ਸੜ ਕੇ ਸੁਆਹ ਹੋ ਗਿਆ। ਘਟਨਾ 'ਚ 8.5 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਹਿਲਾਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਸੀ ਪਰ ਬਾਅਦ ਵਿੱਚ ਅੱਗ ਲੱਗਣ ਵਿੱਚ ਨਦੀਮ ਦੀ ਭੂਮਿਕਾ ਸਾਹਮਣੇ ਆਈ।