ਫਰੀਦਕੋਟ ਵਿੱਚ ਹੰਸ ਰਾਜ ਹੰਸ ਲਈ ਚੋਣ ਪ੍ਰਚਾਰ ਕਰਨ ਆਏ ਭਾਜਪਾ ਆਗੂ ਦਾ ਜ਼ੋਰਦਾਰ ਵਿਰੋਧ - Lok Sabha Election 2024
Published : May 12, 2024, 7:59 AM IST
ਲੋਕ ਸਭਾ ਫ਼ਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੂੰ ਪਿੰਡ ਬੀਹਲੇ ਵਾਲਾ ਵਿੱਚ ਕਿਸਾਨਾਂ, ਨੌਜਵਾਨ ਭਾਰਤ ਸਭਾ ਅਤੇ ਪਿੰਡ ਵਾਸੀਆਂ ਨੇ ਬੇਰੰਗ ਵਾਪਸ ਮੋੜਿਆ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਕਿਸਾਨੀ ਮਸਲਿਆਂ ਉੱਤੇ ਸਵਾਲ ਕੀਤੇ। ਵਿਰੋਧ ਬਾਰੇ ਭਾਜਪਾ ਆਗੂ ਗੌਰਵ ਕੱਕੜ ਨੇ ਕਿਹਾ ਕਿ ਇਹ ਪ੍ਰਸ਼ਾਸ਼ਨ ਦੀ ਨਾਕਾਮੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਭਾਜਪਾ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਫਿਰ ਅਸੀਂ ਪਿੰਡਾਂ ਵਿੱਚ ਇਨ੍ਹਾਂ ਨੂੰ ਕਿਵੇਂ ਵੜਨ ਦੇਈਏ। ਕਿਸਾਨਾਂ ਨੇ ਕਿਹਾ ਕਿ ਅੱਜ ਪਿੰਡ ਦੇ ਇਕ ਪਰਿਵਾਰ ਵਲੋਂ ਪਿੰਡ ਤੋਂ ਬਾਹਰੀ ਹੋ ਭਾਜਪਾ ਆਗੂ ਨੂੰ ਚੋਣ ਪ੍ਰਚਾਰ ਲਈ ਸੱਦਿਆ ਸੀ, ਪਰ ਪਿੰਡ ਵਾਸੀਆਂ ਦੇ ਏਕੇ ਸਦਕਾ ਭਾਜਪਾ ਆਗੂ ਅੱਗੇ ਨਹੀਂ ਜਾ ਸਕਿਆ ਅਤੇ ਉਸ ਨੂੰ ਵਾਪਸ ਪਰਤਣਾ ਪਿਆ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ।