ਨਵੀਂ ਦਿੱਲੀ:ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਹੁਣ ਭਾਰਤ ਦਾ ਹਰ ਨਾਗਰਿਕ ਚੰਦਰਯਾਨ-4 ਮਿਸ਼ਨ ਦਾ ਇੰਤਜ਼ਾਰ ਕਰ ਰਿਹਾ ਹੈ। ਮਿਲੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਭਾਰਤ 2027 ਵਿੱਚ ਚੰਦਰਯਾਨ-4 ਲਾਂਚ ਕਰ ਸਕਦਾ ਹੈ। ਇਹ ਜਾਣਕਾਰੀ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਖੁਦ ਦਿੱਤੀ ਹੈ।
ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ," ਭਾਰਤ 2027 ਵਿੱਚ ਚੰਦਰਯਾਨ-4 ਮਿਸ਼ਨ ਲਾਂਚ ਕਰੇਗਾ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਤੋਂ ਚੱਟਾਨਾਂ ਦੇ ਨਮੂਨੇ ਧਰਤੀ 'ਤੇ ਲਿਆਉਣਾ ਹੋਵੇਗਾ। ਚੰਦਰਯਾਨ-4 ਮਿਸ਼ਨ ਦੇ ਤਹਿਤ ਭਾਰੀ ਲਿਫਟ LVM-3 ਰਾਕੇਟ ਘੱਟੋ-ਘੱਟ ਦੋ ਵਾਰ ਲਾਂਚ ਕੀਤਾ ਜਾਵੇਗਾ, ਜੋ ਮਿਸ਼ਨ ਨੂੰ ਸਫਲ ਬਣਾਉਣ ਲਈ ਆਪਣੇ ਨਾਲ ਪੰਜ ਹਿੱਸਿਆਂ ਨੂੰ ਪੁਲਾੜ ਵਿੱਚ ਲੈ ਜਾਵੇਗਾ ਅਤੇ ਉਨ੍ਹਾਂ ਨੂੰ ਔਰਬਿਟ ਵਿੱਚ ਇਕੱਠਾ ਕਰੇਗਾ।"
ਚੰਦਰਯਾਨ-4 ਮਿਸ਼ਨ ਦਾ ਉਦੇਸ਼
ਕੇਂਦਰੀ ਮੰਤਰੀ ਨੇ ਕਿਹਾ ਕਿ,"ਚੰਦਰਯਾਨ-4 ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਤ੍ਹਾ ਤੋਂ ਚੱਟਾਨਾਂ ਦੇ ਨਮੂਨੇ ਇਕੱਠੇ ਕਰਨਾ ਅਤੇ ਉਨ੍ਹਾਂ ਨੂੰ ਧਰਤੀ 'ਤੇ ਲਿਆਉਣਾ ਹੋਵੇਗਾ। ਚੰਦਰਯਾਨ-4 ਤੋਂ ਇਲਾਵਾ ਉਨ੍ਹਾਂ ਨੇ ਗਗਨਯਾਨ ਮਿਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਗਗਨਯਾਨ ਮਿਸ਼ਨ ਅਗਲੇ ਸਾਲ ਲਾਂਚ ਕੀਤਾ ਜਾਵੇਗਾ, ਜਿਸ ਵਿੱਚ ਭਾਰਤੀ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਸਭ ਤੋਂ ਹੇਠਲੇ ਪੰਧ ਵਿੱਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਸ਼ਾਮਲ ਹੈ।"
2026 'ਚ ਲਾਂਚ ਹੋਵੇਗਾ ਇਹ ਮਿਸ਼ਨ
ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ, "2026 ਵਿੱਚ ਭਾਰਤ ਸਮੁੰਦਰਾਇਣ ਵੀ ਲਾਂਚ ਕਰੇਗਾ, ਜੋ ਸਮੁੰਦਰ ਦੀ ਸਭ ਤੋਂ ਹੇਠਲੀ ਸਤ੍ਹਾ ਦੀ ਪੜਚੋਲ ਕਰਨ ਲਈ ਇੱਕ ਪਣਡੁੱਬੀ ਵਿੱਚ ਤਿੰਨ ਵਿਗਿਆਨੀਆਂ ਨੂੰ 6,000 ਮੀਟਰ ਦੀ ਡੂੰਘਾਈ ਤੱਕ ਲੈ ਜਾਵੇਗਾ। ਇਹ ਪ੍ਰਾਪਤੀ ਭਾਰਤ ਦੇ ਹੋਰ ਵੱਡੇ ਮਿਸ਼ਨਾਂ ਦੇ ਲਗਭਗ ਉਸੇ ਸਮੇਂ ਆਵੇਗੀ, ਜਿਸ ਵਿੱਚ ਗਗਨਯਾਨ ਪੁਲਾੜ ਮਿਸ਼ਨ ਵੀ ਸ਼ਾਮਲ ਹੈ। ਇਹ ਦੇਸ਼ ਦੀ ਸ਼ਾਨਦਾਰ ਵਿਗਿਆਨਕ ਤਰੱਕੀ ਦੀ ਯਾਤਰਾ ਵਿੱਚ ਇੱਕ ਚੰਗਾ ਸੰਜੋਗ ਹੈ।"
ਚੰਦਰਯਾਨ ਦੇ ਮਿਸ਼ਨਾਂ ਬਾਰੇ
ਚੰਦਰਯਾਨ-4 ਮਿਸ਼ਨ ਭਾਰਤ ਦਾ ਚੌਥਾ ਚੰਦਰਮਾ ਮਿਸ਼ਨ ਹੋਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਨੇ ਆਪਣੇ ਪਹਿਲੇ ਮਿਸ਼ਨ ਵਿੱਚ ਚੰਦਰਮਾ ਦੀ ਸਤ੍ਹਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਜਦਕਿ ਦੂਜਾ ਮਿਸ਼ਨ ਸਫਲ ਨਹੀਂ ਹੋ ਸਕਿਆ ਸੀ, ਤੀਜੇ ਮਿਸ਼ਨ ਵਿੱਚ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਇਸ ਮਿਸ਼ਨ ਰਾਹੀਂ ਵਿਗਿਆਨੀਆਂ ਨੇ ਚੰਦਰਮਾ ਦੇ ਦੱਖਣੀ ਧਰੁਵ ਦਾ ਅਧਿਐਨ ਕੀਤਾ ਸੀ। ਇਸ 'ਚ ਉਸ ਖੇਤਰ ਦੀ ਸਤ੍ਹਾ ਅਤੇ ਪਲਾਜ਼ਮਾ ਦਾ ਅਧਿਐਨ ਕੀਤਾ ਸੀ ਅਤੇ ਉਸ ਖੇਤਰ ਵਿੱਚ ਚੰਦਰਮਾ ਦੀ ਸਤ੍ਹਾ ਦੇ ਵਾਈਬ੍ਰੇਸ਼ਨਾਂ ਨੂੰ ਵੀ ਰਿਕਾਰਡ ਕੀਤਾ ਗਿਆ ਸੀ।
ਚੰਦਰਯਾਨ-4 ਮਿਸ਼ਨ ਬਾਰੇ
ਹੁਣ ਇਸਰੋ ਚੰਦਰਯਾਨ-4 ਮਿਸ਼ਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਮਿਸ਼ਨ ਦੇ ਤਹਿਤ ਚੰਦਰਮਾ ਦੀ ਸਤ੍ਹਾ ਤੋਂ ਚੱਟਾਨਾਂ ਦੇ ਨਮੂਨੇ ਧਰਤੀ 'ਤੇ ਲਿਆਂਦੇ ਜਾਣਗੇ। ਹਾਲਾਂਕਿ, ਕੁਝ ਨਮੂਨੇ ਅਮਰੀਕਾ ਦੇ ਅਪੋਲੋ ਅਤੇ ਰੂਸ ਦੇ ਲੂਨਾ ਮਿਸ਼ਨਾਂ ਦੁਆਰਾ ਧਰਤੀ 'ਤੇ ਲਿਆਂਦੇ ਗਏ ਸਨ ਪਰ ਉਹ ਇੱਕੋ ਭੂ-ਵਿਗਿਆਨਕ ਖੇਤਰ ਤੋਂ ਸਨ ਅਤੇ ਇਸ ਲਈ ਚੰਦਰਮਾ 'ਤੇ ਮੌਜੂਦ ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰ ਸਕੇ। ਹੁਣ ਚੰਦਰਯਾਨ-4 ਮਿਸ਼ਨ ਦੇ ਤਹਿਤ ਇਸਰੋ ਦਾ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ਤੋਂ ਨਮੂਨੇ ਧਰਤੀ 'ਤੇ ਲਿਆਉਣਾ ਹੈ, ਜੋ ਸਾਨੂੰ ਚੰਦਰਮਾ ਦੇ ਇਤਿਹਾਸ ਅਤੇ ਬਣਤਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ:-