ਨੌਜਵਾਨ ਦੀ ਫਰਾਂਸ ਵਿੱਚ ਹੋਈ ਮੌਤ (ETV BHARAT) ਹੁਸ਼ਿਆਰਪੁਰ: ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਤਾਂ ਚੰਗੇ ਭਵਿੱਖ ਲਈ ਹਨ ਤਾਂ ਜੋ ਉਹ ਆਪਣੇ ਸੁਫ਼ਨੇ ਪੂਰੇ ਕਰ ਸਕਣ ਅਤੇ ਨਾਲ ਹੀ ਘਰ ਦੀ ਗਰੀਬੀ ਦੂਰ ਕਰ ਸਕਣ। ਇਸ ਦੌਰਾਨ ਉਥੇ ਉਹ ਕਈ ਵਾਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਤੱਕ ਕਹਿਣਾ ਪੈ ਜਾਂਦਾ ਹੈ।
ਇਮਾਰਤ ਤੋਂ ਹੇਠਾਂ ਡਿੱਗਣ ਕਾਰਨ ਮੌਤ:ਅਜਿਹਾ ਹੀ ਦਸੂਹਾ ਦੇ ਪਿੰਡ ਟੇਰਕੀਆਣਾ ਤੋਂ ਸਾਹਮਣੇ ਆਇਆ, ਜਿਥੋਂ ਦੇ 37 ਸਾਲਾ ਨੌਜਵਾਨ ਕਮਲਜੀਤ ਸਿੰਘ ਦੀ ਫਰਾਂਸ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੰਮ ਕਰਦੇ ਸਮੇਂ ਪੈਰ ਫਿਸਲਣ ਕਾਰਨ ਅਤੇ 5 ਮੰਜ਼ਿਲਾ ਇਮਾਰਤ ਦੇ ਉੱਪਰੋਂ ਹੇਠਾਂ ਡਿੱਗਣ ਕਾਰਨ ਉਸ ਨੂੰ ਗੰਭੀਰ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਕਮਲਜੀਤ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਪਾਈ ਸੀ ਕਿ ਵਿਦੇਸ਼ 'ਚ ਕੰਮ ਕਰਨਾ ਕਿੰਨਾ ਔਖਾ ਹੈ। ਬਿਲਕੁਲ ਉਸੇ ਥਾਂ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ 17 ਸਾਲ ਪਹਿਲਾਂ ਗਿਆ ਸੀ ਵਿਦੇਸ਼: ਇਸ ਸਬੰਧੀ ਜਾਣਕਾਰੀ ਅਨੁਸਾਰ ਕਮਲਜੀਤ ਪਿਛਲੇ 17 ਸਾਲਾਂ ਤੋਂ ਫਰਾਂਸ ਦੇ ਸ਼ਹਿਰ ਸਿਲਾਂਚਸ ਵਿੱਚ ਰਹਿੰਦਾ ਸੀ ਅਤੇ ਉੱਥੇ ਉਸਾਰੀ ਦਾ ਕੰਮ ਕਰਦਾ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਕਮਲਜੀਤ 17 ਸਾਲ ਪਹਿਲਾਂ ਫਰਾਂਸ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਸਾਡੀ ਫੋਨ 'ਤੇ ਗੱਲ ਹੋਈ ਸੀ। ਕਮਲਜੀਤ ਨੇ ਮੈਨੂੰ ਕਿਹਾ ਸੀ ਕਿ ਮੰਮੀ ਮੈਂ ਜਲਦੀ ਪਿੰਡ ਵਾਪਸ ਆਵਾਂਗਾ, ਪਰ ਕੌਣ ਜਾਣਦਾ ਸੀ ਕਿ ਉਸ ਦੇ ਪੁੱਤਰ ਦੀ ਮੌਤ ਦੀ ਦੁਖਦਾਈ ਖ਼ਬਰ ਆਵੇਗੀ।
ਪਰਿਵਾਰ ਵਲੋਂ ਸਰਕਾਰ ਤੋਂ ਮਦਦ ਦੀ ਅਪੀਲ: ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਲਜੀਤ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਸਾਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਉਸ ਨਾਲ ਹਾਦਸਾ ਵਾਪਰ ਗਿਆ ਸੀ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਕਮਲਜੀਤ ਦਾ ਅੰਤਿਮ ਸਸਕਾਰ ਉਹ ਆਪਣੇ ਹੱਥੀ ਕਰ ਸਕਣ।