ਬਠਿੰਡਾ: ਸਰਕਾਰ ਭਾਵੇਂ ਕੋਈ ਵੀ ਰਹੀ ਹੋਵੇ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਅੱਜ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਪੀਆਰਟੀਸੀ ਵਿੱਚ 20 ਸਾਲ ਨੌਕਰੀ ਕਰਨ ਉਪਰੰਤ ਡਰਾਈਵਰ ਜਸਵੀਰ ਸਿੰਘ ਕੱਚੇ ਕਾਮੇ ਵਜੋਂ ਰਿਟਾਇਰ ਹੋਏ ਹਨ। ਸੰਨ 2004 ਵਿੱਚ ਜਸਵੀਰ ਸਿੰਘ ਪੀਆਰਟੀਸੀ ਬਠਿੰਡਾ ਡਿੱਪੂ ਵਿੱਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਇਆ ਅਤੇ ਸਰਕਾਰੀ ਬੱਸ ਉੱਤੇ ਡਰਾਈਵਰੀ ਕਰਦਾ ਆ ਰਿਹਾ ਸੀ।
20 ਸਾਲ ਬਾਅਦ ਵੀ ਕੱਚਾ ਰਿਹਾ ਰਿਟਾਇਰਡ ਮੁਲਾਜ਼ਮ:2016 ਵਿਚ ਜਸਵੀਰ ਸਿੰਘ ਨੂੰ ਪੀਆਰਟੀਸੀ ਵਿੱਚ ਕੰਟਰੈਕਟ ਉੱਤੇ ਲੈ ਲਿਆ ਗਿਆ ਅਤੇ ਇਸ ਉਮੀਦ ਉੱਤੇ ਡਿਊਟੀ ਕਰਦਾ ਰਿਹਾ ਕਿ ਜਲਦੀ ਉਹ ਕੰਟਰੇਕਟ ਤੋਂ ਰੈਗੂਲਰ ਹੋਵੇਗਾ ਤੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਸਕੇਗਾ। ਪਰ, 20 ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਵੱਲੋਂ ਜਸਵੀਰ ਸਿੰਘ ਨੂੰ ਕੱਚੇ ਕਾਮੇ ਤੋਂ ਪੱਕਾ ਨਹੀਂ ਕੀਤਾ ਗਿਆ। ਆਖਿਰ 31 ਮਾਰਚ 2024 ਦਿਨ ਐਤਵਾਰ ਨੂੰ ਸਾਥੀ ਜਸਵੀਰ ਸਿੰਘ ਵੀਹ ਸਾਲਾਂ ਦੀਆਂ ਪੀਆਰਟੀਸੀ ਨੂੰ ਸੇਵਾਵਾਂ ਦੇਣ ਤੋਂ ਬਾਅਦ ਵੀ ਨਿਰਾਸ਼ ਹੋ ਕੇ ਕੱਚੇ ਰਿਟਾਇਰ ਹੋ ਕੇ ਖ਼ਾਲੀ ਹੱਥ ਘਰ ਜਾਣ ਲਈ ਮਜਬੂਰ ਹੋ ਗਿਆ।