ਬਰਨਾਲਾ:ਪਤਨੀ ਨੇ ਜ਼ਮੀਨ ਦੇ ਲਾਲਚ ਵਿੱਚ ਆਪਣੇ ਮਾਪਿਆਂ ਨਾਲ ਰਲ ਕੇ ਪਤੀ ਦਾ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ ਹੈ। ਜਿੱਥੇ ਦੇਰ ਰਾਤ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਜਿਸ ਨਾਲ ਉਸਦੀ ਪਤਨੀ ਜਸਪ੍ਰੀਤ ਕੌਰ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਕਰਦੀ ਆ ਰਹੀ ਸੀ। ਕਤਲ ਕਰਨ ਤੋਂ ਬਾਅਦ ਤਿੰਨੇ ਮੁਲਜ਼ਮ ਪੁਲਿਸ ਕੋਲ ਪੇਸ਼ ਹੋਏ ਅਤੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ। ਮ੍ਰਿਤਕ ਦੀ ਡੈਡਬਾਡੀ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਮ੍ਰਿਤਕ ਦੇ ਵਿਆਹ ਨੂੰ ਕਰੀਬ 20 ਸਾਲ ਹੋ ਗਏ ਸਨ ਅਤੇ ਉਸਦੇ 18 ਸਾਲ ਦਾ ਇੱਕ ਲੜਕਾ ਵੀ ਹੈ।
ਜ਼ਮੀਨ ਹੜੱਪਣ ਲਈ ਕਤਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਹਰਚਰਨ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦੇ ਲੜਕੇ ਹਰਜਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਾਦ ਚੱਲਦਾ ਸੀ। ਪਰਿਵਾਰ ਕੋਲ ਸਾਢੇ ਪੰਜ ਕਿਲੇ ਜ਼ਮੀਨ ਸੀ। ਜਿਸ ਵਿੱਚੋਂ ਉਹ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ। ਇਸਦੇ ਚੱਲਦਿਆਂ ਮ੍ਰਿਤਕ ਦੇ ਪਿਤਾ ਨੇ ਆਪਣੇ ਜਿਉਂਦੇ ਜੀਅ ਢਾਈ ਕਿਲੇ ਆਪਣੇ ਪੇੋਤੇ ਦੇ ਨਾਮ ਕਰਵਾ ਦਿੱਤੀ। ਜਿਸ ਉਪਰੰਤ ਮ੍ਰਿਤਕ ਦੇ ਪਿਤਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬਾਕੀ ਦੀ ਜ਼ਮੀਨ ਕਈ ਜਣਿਆਂ ਦੇ ਨਾਮ ਵੰਡੀ ਗਈ। ਇਸ ਉਪਰੰਤ ਲੰਬਾ ਸਮਾਂ ਇਹ ਜ਼ਮੀਨ ਦਾ ਵਿਵਾਦ ਚੱਲਦਾ ਰਿਹਾ।