ਹੈਦਰਾਬਾਦ:ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ, ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ, ਅਰਜੁਨ ਐਵਾਰਡ ਅਤੇ ਰੁਸਤਮੇ ਹਿੰਦ ਦਾ ਖਿਤਾਬ ਆਪਣੇ ਨਾਮ ਕਰਵਾਉਣ ਵਾਲੇ ਅੰਤਰਰਾਸ਼ਟਰੀ ਪਹਿਲਵਾਨ ਨੇ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਸੀ। ਸੋਨੇ ਵਾਂਗ ਚਮਕੇ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ ਦੀ ਕਹਾਣੀ ਜਾਣਨੀ ਬੇਹੱਦ ਜ਼ਰੂਰੀ ਹੈ, ਉਨ੍ਹੀਂ ਹੀ ਦਿਲਚਸਪ ਵੀ ਹੈ।
ਪਹਿਲਵਾਨ ਜਗਦੀਸ਼ ਭੋਲਾ ਦਾ ਸਫ਼ਰ:ਜਗਦੀਸ਼ ਸਿੰਘ ਭੋਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਇਕੇ ਕਲਾਂ ਨਾਲ ਸਬੰਧਿਤ ਹੈ। ਉਹ ਕੁਸ਼ਤੀ ਦੀ ਟ੍ਰੇਨਿੰਗ ਲਈ ਲੁਧਿਆਣਾ ਆਏ ਅਤੇ ਮੇਜਰ ਸਿੰਘ ਦੇ ਅਖਾੜੇ ਵਿੱਚ ਕੁਸ਼ਤੀ ਦੇ ਦਾਅ ਪੇਚ ਸਿੱਖੇ । ਉਨ੍ਹਾਂ ਦੀ ਮਿਹਨਤ ਨੂੰ ਬੂਰ ਉਦੋਂ ਪਿਆ ਜਦੋਂ 1991 ਦੀ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ। ਇਸ ਜਿੱਤ ਤੋਂ ਬਾਅਦ ਲੋਕਾਂ ਦਾ ਧਿਆਨ ਭੋਲੇ ਵੱਲ ਖਿੱਚਿਆ ਗਿਆ, ਪਰ ਜਦੋਂ ਭੋਲੇ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਤਾਂ ਉਹ ਭਾਰਤ ਵਿੱਚ ਚੋਟੀ ਦੇ ਸਟਾਰ ਵਜੋਂ ਉਭਰੇ। ਇਸੇ ਮਿਹਨਤ ਅਤੇ ਉਪਲਬਧੀਆਂ ਕਾਰਨ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਭੋਲਾ ਨੂੰ ਰੁਸਤਮ-ਏ-ਹਿੰਦ ਖਿਤਾਬ ਦਿੱਤਾ ਗਿਆ। ਪੰਜਾਬ ਸਰਕਾਰ ਨੇ ਉਸ ਦੀ ਮਿਹਨਤ ਦੀ ਕਦਰ ਕਰਦੇ ਹੋਏ ਡੀਐਸਪੀ ਦੀ ਨੌਕਰੀ ਦਿੱਤੀ।
ਭੋਲਾ ਬਣਿਆ ਨਸ਼ਾ ਸੌਦਾਗਰ:ਅੰਤਰਰਾਸ਼ਟਰੀ ਰੈਸਲਿੰਗ 'ਚ ਨਾਮ, ਦੌਲਤ ਅਤੇ ਸ਼ੌਹਰਤ ਕਮਾਉਣੀ ਅਤੇ ਡੀਐਸਪੀ ਦੀ ਨੌਕਰੀ ਸ਼ਾਇਦ ਜਗਦੀਸ਼ ਸਿੰਘ ਭੋਲਾ ਨੂੰ ਰਾਸ ਨਹੀਂ ਆਈ।ਇਸੇ ਕਾਰਨ ਉਸ ਨੇ ਡਰੱਗ ਤਸਕਰੀ ਵੱਲ ਆਪਣੇ ਕਦਮ ਵਧਾਏ ਪਰ ਇੰਨ੍ਹਾਂ ਵੱਧ ਦੇ ਕਦਮਾਂ ਨੂੰ ਜਲਦੀ ਹੀ ਕਾਨੂੰਨ ਦੇ ਲੰਬੇ ਹੱਥਾਂ ਨੇ ਰੋਕ ਦਿੱਤਾ ।ਇਹ ਜਾਂਚ ਮਨੀ ਲਾਂਡਰਿੰਗ ਰੋਕੂ ਐਕਟ 2002 ਦੀਆਂ ਧਾਰਾਵਾਂ ਤਹਿਤ ਦਫ਼ਤਰ ਵੱਲੋਂ ਸਾਲ 2013 ਵਿੱਚ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਅੱਠ ਵੱਖ-ਵੱਖ ਐਫਆਈਆਰਜ਼ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਆਖ਼ਿਰਕਾਰ ਇੱਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਇੱਕ ਸਾਬਕਾ ਡੀਐੱਸਪੀ ਭੋਲਾ ਨੂੰ 2012 ਵਿੱਚ ਪੰਜਾਬ ਪੁਲਿਸ ਨੇ ਬਰਖ਼ਾਸਤ ਕਰ ਦਿੱਤਾ ਸੀ। ਉਹ ਡਰੱਗ ਨੈਟਵਰਕ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸੀ, ਜੋ ਬਿਮਾਰੀਆਂ ਦੇ ਉਦੇਸ਼ਾਂ ਲਈ ਬਣਾਏ ਗਏ ਰਸਾਇਣਾਂ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਗ਼ੈਰ-ਕਾਨੂੰਨੀ ਫੈਕਟਰੀਆਂ ਵੱਲ ਮੋੜ ਰਿਹਾ ਸੀ ਜੋ ਸਿੰਥੈਟਿਕ ਡਰੱਗਾਂ ਦਾ ਨਿਰਮਾਣ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਸਪਲਾਈ ਕਰ ਰਿਹਾ ਸੀ।
ਹੋਰ ਕਿੰਨ੍ਹੇ ਕੇਸ ਪੈਂਡਿੰਗ:ਤੁਹਾਨੂੰ ਦੱਸ ਦਈਏ ਕਿ ਭੋਲਾ ਖ਼ਿਲਾਫ਼ ਨਸ਼ਾ ਤਸਕਰੀ ਦੇ ਕੁੱਲ 7 ਕੇਸ ਪੈਂਡਿੰਗ ਸਨ, ਜਿਨ੍ਹਾਂ ਵਿੱਚੋਂ 4 ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਅਤੇ 3 ਵਿੱਚ ਸਜ਼ਾ ਸੁਣਾਈ ਗਈ। ਭੋਲਾ ਪਹਿਲਾਂ ਹੀ 6 ਸਾਲ ਜੇਲ੍ਹ ਕੱਟ ਚੁੱਕਾ ਹੈ, ਇਸ ਲਈ ਹੁਣ ਉਸ ਨੂੰ 6 ਸਾਲ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ। ਹਾਲਾਂਕਿ ਭੋਲਾ ਦੇ ਵਕੀਲ ਨੇ ਮਾਮਲਾ ਪੰਜਾਬ ਅਤੇ ਹਰਿਆਣਾ ਅਦਾਲਤ ਵਿੱਚ ਲਿਜਾਣ ਦੀ ਗੱਲ ਕਹੀ।