ਲੁਧਿਆਣਾ: ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਪਨ ਕਾਕਾ ਸੂਦ ਅੱਜ ਲੁਧਿਆਣਾ ਦੇ ਵਿੱਚ ਮੀਡੀਆ ਦੇ ਮੁਖਾਤਿਬ ਹੋਏ। ਬੀਤੇ ਦਿਨ ਉਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਪਾਰਟੀ ਮੁੱਖ ਦਫ਼ਤਰ ਦੇ ਵਿੱਚ ਭਾਜਪਾ 'ਚ ਸ਼ਾਮਿਲ ਹੋ ਗਏ ਸਨ। ਕਾਕਾ ਸੂਦ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਲਈ ਲੁਧਿਆਣਾ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਸੁਖਬੀਰ ਬਾਦਲ ਨੇ ਲੱਗਭਗ ਡੇਢ ਸਾਲ ਪਹਿਲਾਂ ਹੀ ਵਿਪਨ ਕਾਕਾ ਸੂਦ ਦਾ ਨਾਂ ਲੁਧਿਆਣਾ ਲੋਕ ਸਭਾ ਚੋਣਾਂ ਦੇ ਲਈ ਫਾਈਨਲ ਕਰ ਲਿਆ ਸੀ ਪਰ ਆਖਿਰ ਮੌਕੇ 'ਤੇ ਆ ਕੇ ਕਾਕਾ ਸੂਦ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਅਤੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ।
ਵਿਪਸ ਸੂਦ ਨੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ: ਅੱਜ ਵਿਪਨ ਕਾਕਾ ਸੂਦ ਨੇ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦਾ ਮੁੱਖ ਕਾਰਨ ਭਾਜਪਾ ਦੀਆਂ ਨੀਤੀਆਂ ਅਤੇ ਸਮਾਜ ਹਿੱਤ ਦੇ ਫੈਸਲੇ ਨੂੰ ਦੱਸਿਆ। ਉਹਨਾਂ ਕਿਹਾ ਕਿ ਉਹ ਕਈ-ਕਈ ਘੰਟੇ ਲੋਕਾਂ ਦੇ ਵਿੱਚ ਵਿਚਰਦੇ ਹਨ, ਲੋਕਾਂ ਦੇ ਵਿੱਚ ਹੀ ਰਹਿੰਦੇ ਹਨ ਅਤੇ ਲੋਕਾਂ ਦੇ ਫੈਸਲੇ ਦੇ ਮੁਤਾਬਿਕ ਹੀ ਉਹਨਾਂ ਨੇ ਭਾਜਪਾ ਦੇ ਵਿੱਚ ਜਾਣ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਉਹ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਛੱਡ ਕੇ ਆਏ ਹਨ ਕਿਉਂਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਸੀਟ ਤੋਂ ਉਤਾਰਿਆ ਜਾ ਰਿਹਾ ਸੀ।
ਨਾਰਾਜ਼ ਹੋ ਕੇ ਨਹੀਂ ਛੱਡਿਆ ਅਕਾਲੀ ਦਲ:ਵਿਪਨ ਕਾਕਾ ਸੂਦ ਨੇ ਕਿਹਾ ਕਿ ਉਹਨਾਂ ਦੀ ਸੀਟ ਤਾਂ ਬਹੁਤ ਪਹਿਲਾਂ ਹੀ ਫਾਈਨਲ ਹੋ ਗਈ ਸੀ ਪਰ ਉਹਨਾਂ ਨੇ ਆਪਣੇ ਸਮਾਜ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਕਿ ਉਹ ਅਕਾਲੀ ਦਲ ਦੀ ਟਿਕਟ ਤੋਂ ਚੋਣ ਨਹੀਂ ਲੜਨਗੇ। ਉਹਨਾਂ ਕਿਹਾ ਕਿ ਰਣਜੀਤ ਢਿਲੋਂ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਹੈ, ਜੋ ਚੰਗੀ ਗੱਲ ਹੈ ਕਿ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹਨ ਅਤੇ ਲੁਧਿਆਣਾ ਸੀਟ ਤੋਂ ਲੜ ਰਹੇ ਹਨ। ਕਾਕਾ ਸੂਦ ਨੇ ਕਿਹਾ ਕਿ ਉਹ ਕੋਈ ਨਾਰਾਜ਼ ਹੋ ਕੇ ਜਾਂ ਫਿਰ ਕਿਸੇ ਦੇ ਵਿਰੋਧ ਦੇ ਚੱਲਦਿਆਂ ਨਹੀਂ ਭਾਜਪਾ ਦੇ ਵਿੱਚ ਸ਼ਾਮਿਲ ਹੋਏ, ਸਗੋਂ ਅਕਾਲੀ ਦਲ ਨੇ ਤਾਂ ਖੁਦ ਉਹਨਾਂ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਸੀ। ਉਹਨਾਂ ਨੇ ਟਿਕਟ ਛੱਡ ਕੇ ਭਾਜਪਾ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਹੈ।
ਅਕਾਲੀ ਭਾਜਪਾ ਗਠਜੋੜ ਦੀ ਸੀ ਉਮੀਦ:ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਕਾਕਾ ਸੂਦ ਨੂੰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਹੋਣ ਦੀ ਉਮੀਦ ਸੀ ਪਰ ਜਦੋਂ ਸੁਨੀਲ ਜਾਖੜ ਨੇ ਮੀਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗਠਜੋੜ ਨਾ ਹੋਣ ਸਬੰਧੀ ਐਲਾਨ ਕੀਤਾ। ਉਸ ਤੋਂ ਬਾਅਦ ਤੋਂ ਹੀ ਕਾਕਾ ਸੂਦ ਨੇ ਪੈਰ ਪਿੱਛੇ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਲਗਾਤਾਰ ਉਹ ਇਹ ਕਹਿ ਰਹੇ ਸਨ ਕਿ ਉਹਨਾਂ ਦੀ ਤਬੀਅਤ ਖਰਾਬ ਹੈ ਤੇ ਉਹ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਨਗੇ। ਦੱਸ ਦਈਏ ਕਿ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੋਂ ਕਾਕਾ ਸੂਦ ਚੋਣ ਨਹੀਂ ਲੜਨਾ ਚਾਹੁੰਦੇ ਸਨ। ਉਹ ਭਾਜਪਾ ਦੇ ਨਾਲ ਅਕਾਲੀ ਦਲ ਦੇ ਗਠਜੋੜ ਦੀ ਉਡੀਕ ਕਰ ਰਹੇ ਸਨ ਪਰ ਜਦੋਂ ਗਠਜੋੜ 'ਤੇ ਮੋਹਰ ਨਹੀਂ ਲੱਗੀ ਤਾਂ ਉਹਨਾਂ ਨੇ ਅਕਾਲੀ ਦਲ ਦੀ ਟਿਕਟ ਤੋਂ ਲੜਨ ਤੋਂ ਸਾਫ ਇਨਕਾਰ ਕਰਦੇ ਹੋਏ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ।