ਨਵੀਂ ਦਿੱਲੀ: ਦਿੱਲੀ ਵਿੱਚ 27 ਸਾਲਾਂ ਬਾਅਦ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਵਿੱਚ ਪੂਰਾ ਬਹੁਮਤ ਮਿਲਣ ਤੋਂ ਬਾਅਦ ਹੁਣ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਫ਼ਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਦਿੱਲੀ ਪੁਲੀਸ ਅਤੇ ਟਰੈਫਿਕ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸਹੁੰ ਚੁੱਕ ਸਮਾਗਮ ਰਾਮਲੀਲਾ ਮੈਦਾਨ ਵਿੱਚ ਕਰਵਾਇਆ ਜਾਵੇਗਾ। ਪਹਿਲਾਂ ਸਹੁੰ ਚੁੱਕ ਸਮਾਗਮ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਕਰਵਾਉਣ ਦੀ ਤਜਵੀਜ਼ ਸੀ, ਪਰ ਹੁਣ ਇਸ ਨੂੰ ਬਦਲ ਕੇ ਰਾਮਲੀਲਾ ਮੈਦਾਨ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਦਾ ਨਾਂ ਲਗਭਗ ਤੈਅ
ਦਰਅਸਲ, 8 ਫ਼ਰਵਰੀ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 48 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕਰ ਲਿਆ ਸੀ। ਉਦੋਂ ਤੋਂ ਹੀ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਲਗਾਤਾਰ ਮੰਥਨ ਚੱਲ ਰਿਹਾ ਸੀ। ਇਸ ਵਿਚਕਾਰ ਪੀਐਮ ਮੋਦੀ ਦੇ ਤਿੰਨ ਦਿਨਾਂ ਵਿਦੇਸ਼ ਦੌਰੇ ਕਾਰਨ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਹੁਣ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਨਾਂ ਲਗਭਗ ਤੈਅ ਹੋ ਚੁੱਕਾ ਹੈ ਅਤੇ ਸੋਮਵਾਰ ਨੂੰ ਅਬਜ਼ਰਵਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ 18 ਜਾਂ 19 ਫਰਵਰੀ ਨੂੰ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ 20 ਫਰਵਰੀ ਨੂੰ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਸਕਦਾ ਹੈ।
ਰਾਮਲੀਲਾ ਮੈਦਾਨ 'ਚ ਸਹੁੰ ਚੁੱਕਣ ਦੀ ਰਵਾਇਤ
ਸੋਮਵਾਰ ਨੂੰ ਭਾਜਪਾ ਪ੍ਰਦੇਸ਼ ਦਫਤਰ 'ਚ ਬਾਅਦ ਦੁਪਹਿਰ 3 ਵਜੇ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਧਾਇਕਾਂ ਨੂੰ ਸੁਝਾਅ ਅਤੇ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪਹਿਲੀ ਵਾਰ ਗਠਜੋੜ ਦੀ ਸਰਕਾਰ ਬਣਾਈ ਸੀ ਅਤੇ ਦੂਜੀ ਅਤੇ ਤੀਜੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਸੀ ਤਾਂ ਉਨ੍ਹਾਂ ਨੇ ਵੀ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕੀ ਸੀ। ਹੁਣ ਭਾਜਪਾ ਵੀ ਰਾਮਲੀਲਾ ਮੈਦਾਨ 'ਚ ਸਹੁੰ ਚੁੱਕਣ ਦੀ ਰਵਾਇਤ ਨੂੰ ਅੱਗੇ ਵਧਾਉਂਦੀ ਨਜ਼ਰ ਆ ਰਹੀ ਹੈ।
ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲੋਕਾਂ 'ਚ ਉਤਸੁਕਤਾ
ਜ਼ਿਕਰਯੋਗ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲੋਕਾਂ 'ਚ ਉਤਸੁਕਤਾ ਬਣੀ ਹੋਈ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ। ਮੁੱਖ ਮੰਤਰੀ ਦੇ ਨਾਵਾਂ 'ਤੇ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ 'ਚ ਪ੍ਰਵੇਸ਼ ਵਰਮਾ, ਸਤੀਸ਼ ਉਪਾਧਿਆਏ, ਆਸ਼ੀਸ਼ ਸੂਦ, ਜਤਿੰਦਰ ਮਹਾਜਨ, ਵਿਜੇਂਦਰ ਗੁਪਤਾ, ਅਭੈ ਵਰਮਾ ਅਤੇ ਔਰਤਾਂ 'ਚੋਂ ਰੇਖਾ ਗੁਪਤਾ ਅਤੇ ਸ਼ਿਖਾ ਰਾਏ ਦੇ ਨਾਂ ਸ਼ਾਮਲ ਹਨ। ਇਨ੍ਹਾਂ ਅਟਕਲਾਂ 'ਤੇ ਸ਼ਾਇਦ 18 ਜਾਂ 19 ਫ਼ਰਵਰੀ ਨੂੰ ਵਿਰਾਮ ਲਗਾ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਨਾਵਾਂ ਤੋਂ ਇਲਾਵਾ ਭਾਜਪਾ ਕਿਸੇ ਹੋਰ ਚਿਹਰੇ ਨੂੰ ਮੁੱਖ ਮੰਤਰੀ ਐਲਾਨ ਕੇ ਹੈਰਾਨ ਕਰ ਸਕਦੀ ਹੈ।