ਬਠਿੰਡਾ: ਅੱਜ ਸੂਬੇ ਭਰ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੀ ਸਮਾਪਤੀ ਮੌਕੇ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਵਾਰਡ ਨੰਬਰ ਅੱਠ ਵਿੱਚ ਉਸ ਸਮੇਂ ਤਿੱਖੀ ਝੜਪ ਹੋ ਗਈ, ਜਦ ਕੁਝ ਜਵਾਨਾਂ ਵੱਲੋਂ ਧੱਕੇ ਨਾਲ ਪੋਲਿੰਗ ਬੂਥ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ 'ਆਪ' ਵਿਧਾਇਕ ਬਲਜਿੰਦਰ ਕੌਰ ਦੇ ਭਰਾ 'ਤੇ ਵੀ ਇਲਜ਼ਾਮ ਲੱਗੇ ਹਨ।
ਤਲਵੰਡੀ ਸਾਬੋ ਵਿਖੇ ਵੋਟਾਂ ਦੀ ਸਮਾਪਤੀ ਮੌਕੇ ਤਿੱਖੀ ਝੜਪ (Etv Bharat (ਬਠਿੰਡਾ, ਪੱਤਰਕਾਰ)) ਫਰਜ਼ੀ ਵੋਟਾਂ ਭਗਤਾਉਣ ਦੇ ਦੋਸ਼
ਇਸ ਦੌਰਾਨ ਹੀ ਕੁਝ ਲੋਕਾਂ ਵੱਲੋਂ ਨੌਜਵਾਨਾਂ ਦਾ ਵਿਰੋਧ ਕੀਤਾ ਗਿਆ ਅਤੇ ਮੌਕੇ 'ਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਆਏ ਨੌਜਵਾਨਾਂ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਲੋਕਾਂ ਵਲੋਂ ਪ੍ਰਸ਼ਾਸਨਿਕ ਸ਼ਹਿ 'ਤੇ ਫਰਜ਼ੀ ਵੋਟਾਂ ਭਗਤਾਉਣ ਦੇ ਦੋਸ਼ ਲਾਏ ਗਏ। ਇਸ ਦੌਰਾਨ ਹੀ ਹੋਈ ਤਿੱਖੀ ਬੈਂਸ ਤੋਂ ਬਾਅਦ ਝੜਪ ਹੋ ਗਈ ਅਤੇ ਕੁਝ ਨੌਜਵਾਨਾਂ ਵੱਲੋਂ ਗੱਡੀ ਵਿੱਚ ਉਤਾਰ ਕੇ ਲੋਕਾਂ ਨਾਲ ਕੁੱਟਮਾਰ ਕੀਤੀ ਗਈ। ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਬੜੀ ਮੁਸ਼ਕਿਲ ਨਾਲ ਕੰਟਰੋਲ ਕੀਤਾ ਗਿਆ। ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਐਸਡੀਐਮ ਤਲਵੰਡੀ ਸਾਬੋ ਪਹੁੰਚੇ।
ਨੌਜਵਾਨਾਂ ਨੇ ਵਿਧਾਇਕ ਦੇ ਭਰਾ 'ਤੇ ਲਾਏ ਦੋਸ਼
ਉਥੇ ਹੀ ਗੁਰਤੇਜ ਸਿੰਘ ਨਾਮਕ ਨੌਜਵਾਨ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਫਰਜੀ ਵੋਟਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਪੋਲਿੰਗ ਸਟੇਸ਼ਨ ਵਿੱਚ ਕੰਧਾਂ ਟੱਪ ਕੇ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਹਾਰ ਨਾ ਬਰਦਾਸ਼ਤ ਕਰਦੇ ਹੋਏ ਅਜਿਹਾ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕਾ ਦੇ ਭਰਾ ਦੇ ਵਲੋਂ ਗੁੰਡੇ ਲੈਕੇ ਜਾਅਲੀ ਵੋਟਾਂ ਭਗਤਾਉਣ ਦੀ ਕੋਸ਼ਿਸ਼ ਕੀਤੀ ਗਈ।
ਰਿਟਰਨਿੰਗ ਅਫ਼ਸਰ ਨੇ ਜਾਂਚ ਦੀ ਆਖੀ ਗੱਲ
ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਐਸਡੀਐਮ ਤੇ ਰਿਟਰਨਿੰਗ ਅਫ਼ਸਰ ਤਲਵੰਡੀ ਸਾਬੋ ਹਰਵਿੰਦਰ ਸਿੰਘ ਜੱਸਲ ਵੀ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਹਨਾਂ ਪਾਸ ਫਰਜ਼ੀ ਵੋਟਾਂ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ। ਉਹ ਮੌਕੇ 'ਤੇ ਪਹੁੰਚੇ ਹਨ ਤੇ ਜੇਕਰ ਕੋਈ ਸ਼ਿਕਾਇਤ ਕਰੇਗਾ ਤਾਂ ਉਹ ਸਖ਼ਤ ਕਾਰਵਾਈ ਕਰਨਗੇ। ਐਸਡੀਐਮ ਹਰਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹਨਾਂ ਪਾਸ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਜ਼ਰੂਰ ਕੀਤੀ ਗਈ ਸੀ, ਜਿਸ ਸਬੰਧੀ ਲਿਖਤੀ ਪੱਤਰ ਭੇਜ ਕੇ ਉਸ ਵਿਅਕਤੀ ਨੂੰ ਬੁਲਾਇਆ ਗਿਆ ਹੈ।