ਮੋਗਾ:ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਅੱਜ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਪਿੰਡ ਚੱਕ ਕਿਸ਼ਨਾ ਅਤੇ ਗ੍ਰਾਮ ਪੰਚਾਇਤ ਰਸੂਲਪੁਰ ਦੇ ਲੋਕਾਂ ਨੇ ਸਰਬਸੰਮਤੀ ਨਾਲ 24 ਸਾਲ ਦੇ ਨੌਜਵਾਨ ਪਰਮਪਾਲ ਸਿੰਘ ਬੁੱਟਰ ਨੂੰ ਸਰਪੰਚ ਚੁਣ ਲਿਆ ਹੈ।ਮੋਗਾ ਜ਼ਿਲ੍ਹੇ ਦਾ ਇਹ ਪਹਿਲਾ ਪਿੰਡ ਹੈ ਜਿਸ ਵਿੱਚ ਸਰਬ ਸੰਮਤੀ ਨਾਲ ਸਰਪੰਚ ਨਿਯੁਕਤ ਕੀਤਾ ਗਿਆ ਹੈ।
ਪਰਮਪਾਲ ਬੁੱਟਰ,ਸਰਪੰਚ (ETV BHARAT PUNJAB (ਰਿਪੋਟਰ,ਮੋਗਾ)) ਨੌਜਵਾਨ ਹੱਥ ਪਿੰਡ ਦੀ ਕਮਾਨ
ਪਰਮਪਾਲ ਸਿੰਘ ਦੀ ਮਾਤਾ ਸੁਖਬਿੰਦਰ ਕੌਰ ਜੋ ਪਿਛਲੇ 5 ਸਾਲਾਂ ਸਰਪੰਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਪਰਮਪਾਲ ਸਿੰਘ ਨੂੰ ਸਰਪੰਚ ਬਣਾਇਆ। ਪਰਮਪਾਲ ਸਿੰਘ ਲਾਅ ਦਾ ਵਿਦਿਆਰਥੀ ਹੈ। ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਏਗਾ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਵੀ ਅੱਗੇ ਲਿਜਾਵਾਂਗੇ। ਅਸੀਂ ਨੌਜਵਾਨਾਂ ਲਈ ਖੇਡ ਮੈਦਾਨ ਅਤੇ ਸਟੇਡੀਅਮ ਬਣਾਵਾਂਗੇ ਅਤੇ ਸਾਡੇ ਪਿੰਡ ਦਾ ਪੀਣ ਵਾਲਾ ਪਾਣੀ ਖਰਾਬ ਹੈ। ਜਿਸ ਕਾਰਨ ਕੈਂਸਰ ਦੀ ਬਿਮਾਰੀ ਵੱਧ ਗਈ ਹੈ ਇਸ ਲਈ ਅਸੀਂ ਕੁਝ ਹੋਰ ਬੋਰ ਕਰਵਾ ਕੇ ਲੋਕਾਂ ਨੂੰ ਚੰਗਾ ਪਾਣੀ ਮੁਹੱਈਆ ਕਰਵਾਵਾਂਗੇ। ਲੋਕਾਂ ਅਤੇ ਪਿੰਡ ਵਾਸੀਆਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ।
ਪੰਚਾਇਤ ਨੂੰ ਸਰਕਾਰ ਤੋਂ ਮਿਲੇਗਾ ਇਨਾਮ
ਪਿੰਡ ਚੱਕ ਕਿਸ਼ਨਾ ਦੇ ਲੋਕਾਂ ਵੱਲੋਂ ਨੌਜਵਾਨ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਪਿੰਡ ਨੂੰ ਇਸ ਪਹਿਲ ਕਦਮੀ ਲਈ ਨਵਾਜਣ ਜਾ ਰਹੀ ਹੈ। ਦਰਅਸਲ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਆਪਸੀ ਲੜਾਈਆਂ ਅਤੇ ਮੱਤਭੇਦਾਂ ਤੋਂ ਉੱਪਰ ਉੱਠ ਕੇ ਜੋ ਵੀ ਪੰਚਾਇਤ ਆਪਣਾ ਸਰਪੰਚ ਸਰਬਸੰਮਤੀ ਨਾਲ ਚੁਣੇਗੀ ਉਸ ਪੰਚਾਇਤ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਸਨਮਾਨ ਵਜੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਬਸੰਮਤੀ ਨਾਲ ਬਣੀ ਪੰਚਾਇਤ ਨੂੰ ਪਹਿਲ ਦੇ ਅਧਾਰ ਉੱਤੇ ਗ੍ਰਾਟਾਂ ਪੰਜ ਸਾਲਾਂ ਦੌਰਾਨ ਸਰਕਾਰ ਮੁਹੱਈਆ ਕਰਵਾਏਗੀ।