ਲੁਧਿਆਣਾ: ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਇੱਕ ਵਾਰ ਮੁੜ ਤੋਂ ਨਸ਼ੇ ਦਾ ਮੁੱਦਾ ਛਾ ਗਿਆ ਹੈ। ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਲਈ ਪ੍ਰਚਾਰ ਕਰਨ ਲਈ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਜਿੱਥੇ ਆਪਣੀ ਸਪੀਚ ਦੇ ਵਿੱਚ ਵਿਰੋਧੀਆਂ ਤੇ ਤਿੱਖੇ ਸ਼ਬਦ ਵਰਤੇ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਵੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸੂਬੇ ਦੇ ਵਿੱਚ ਨਸ਼ਾ ਲਗਾਤਾਰ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਨਸ਼ੇ ਨੂੰ ਲੈ ਕੇ ਸਿਰਫ ਅਮਿਤ ਸ਼ਾਹੀ ਨਹੀਂ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਬਿਆਨ ਵੀ ਉਦੋਂ ਕਾਫੀ ਚਰਚਿਤ ਰਿਹਾ। ਜਦੋਂ ਉਨ੍ਹਾਂ ਨੇ 70 ਫੀਸਦੀ ਪੰਜਾਬੀਆਂ ਦੇ ਨਸ਼ੇ ਦੀ ਦਲਦਲ 'ਚ ਫਸੇ ਹੋਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ 2017 ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਸਰਕਾਰ ਪੰਜਾਬ 'ਚ ਬਣੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਪਰ ਨਸ਼ਾ ਦਾ ਖਤਮ ਨਹੀਂ ਹੋਇਆ, ਪਰ ਉਹ ਖੁਦ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ।
ਨਸ਼ੇ ਤੇ ਬੋਲੇ ਅਮਿਤ ਸ਼ਾਹ: ਦਰਅਸਲ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਸ਼ੁਰੂ ਤੋਂ ਹੀ ਕਾਫੀ ਭਾਰੂ ਰਿਹਾ ਹੈ। ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਸਗੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਨਸ਼ੇ ਦਾ ਮੁੱਦਾ ਅਕਸਰ ਹੀ ਲੋਕਾਂ ਦੀ ਜੁਬਾਨੀ ਰਹਿੰਦਾ ਹੈ ਅਤੇ ਪਿੰਡਾਂ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਲੋਕ ਸਵਾਲ ਕਰਦੇ ਨੇ। ਬੀਤੇ ਦਿਨ ਲੁਧਿਆਣਾ ਪਹੁੰਚੇ ਅਮਿਤ ਸ਼ਾਹ ਨੇ ਸਟੇਜ ਤੇ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਖੁਦ ਨਸ਼ੇ ਨੂੰ ਲੈ ਕੇ ਚਿੰਤਿਤ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਨੌਜਵਾਨ ਨਸ਼ਾ ਕਰ ਰਹੇ ਹਨ। ਉਨ੍ਹਾਂ ਨੂੰ ਵੇਖ ਕੇ ਮੈਨੂੰ ਦੁੱਖ ਹੁੰਦਾ ਹੈ ਅਮਿਤ ਸ਼ਾਹ ਨੇ ਕਿਹਾ ਕਿ ਉਹ ਪੂਰਾ ਰੋਡ ਮੈਪ ਤਿਆਰ ਕਰ ਚੁੱਕੇ ਹਨ। ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵਿਸ਼ਵਾਸ ਦਿਵਾਉਂਦਿਆਂ ਹੋਇਆ ਕਿਹਾ ਕਿ ਮੋਦੀ ਤਿੰਨ ਦੇ ਕਾਰਜਕਾਲ ਦੇ ਪੰਜ ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਇੱਕ ਸੂਬੇ ਦੇ ਵਿੱਚ ਇੱਕ ਐਨਸੀਬੀ ਦਾ ਦਫਤਰ ਖੋਲਿਆ ਜਾਂਦਾ ਹੈ। ਉੱਥੇ ਹੀ ਪੰਜਾਬ ਦੇ ਵਿੱਚ 17 ਐਨਸੀਬੀ ਦੇ ਦਫਤਰ ਖੋਲੇ ਜਾਣਗੇ ਅਤੇ ਨਸ਼ੇ ਤੇ ਪੂਰੀ ਤਰ੍ਹਾਂ ਠੱਲ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਾਡਾ ਦ੍ਰਿੜ ਸੰਕਲਪ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਹੀ ਨਹੀਂ ਸਗੋਂ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵੀ ਆਮ ਆਦਮੀ ਪਾਰਟੀ ਤੇ ਇਹ ਇਲਜ਼ਾਮ ਲਾ ਚੁੱਕੇ ਹਨ ਕਿ ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ 'ਚ ਨਾਕਾਮ ਰਹੇ ਹਨ।
ਐਨਸੀਆਰਬੀ ਦਾ ਡਾਟਾ: ਪੰਜਾਬ ਦੇ ਵਿੱਚ ਨਸ਼ੇ ਦੇ ਹਾਲਾਤ ਕਾਫੀ ਖਰਾਬ ਹਨ ਇਹ ਐਨਸੀਆਰਬੀ ਦਾ ਡਾਟਾ ਵੀ ਦੱਸਦਾ ਹੈ। 2022 ਦੇ ਵਿੱਚ ਐਨਸੀਆਰਬੀ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਮੁਤਾਬਕ ਇੱਕ ਸਾਲ ਦੇ ਅੰਦਰ 681 ਲੋਕਾਂ ਦੀ ਨਸ਼ੇ ਦੀ ਓਵਰਡੋਜ ਦੇ ਨਾਲ ਮੌਤ ਹੋਈ ਜਿਨਾਂ ਦੇ ਵਿੱਚ 116 ਮਹਿਲਾਵਾਂ ਸਨ। ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਚ ਸਭ ਤੋਂ ਜ਼ਿਆਦਾ ਮੌਤਾਂ 144 ਹੋਈਆਂ ਹਨ। ਜਦੋਂ ਕਿ ਰਾਜਸਥਾਨ ਦੇ ਵਿੱਚ 117 ਅਤੇ ਮੱਧ ਪ੍ਰਦੇਸ਼ ਦੇ ਵਿੱਚ 74 ਲੋਕਾਂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। 2022 ਦੇ ਵਿੱਚ ਪੰਜਾਬ ਦੇ ਅੰਦਰ ਨਸ਼ੇ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਤੀਜੇ ਨੰਬਰ ਤੇ ਸਭ ਤੋਂ ਵੱਧ 12442 ਕੇਸ ਰਜਿਸਟਰ ਕੀਤੇ ਗਏ। ਸਭ ਤੋਂ ਵੱਧ ਕੇਰਲਾ ਦੇ ਵਿੱਚ 26,619 ਜਦੋਂ ਕਿ ਮਹਾਰਾਸ਼ਟਰਾ ਦੇ ਵਿੱਚ 13 ਹਜ਼ਾਰ 830 ਅਤੇ ਦੇਸ਼ ਭਰ ਦੇ ਵਿੱਚ 1.15 ਲੱਖ ਕੇਸ ਐਨਡੀਪੀਐਸ ਤਹਿਤ ਰਜਿਸਟਰ ਕੀਤੇ ਗਏ। ਪੰਜਾਬ ਦੇ ਵਿੱਚ 2022 ਦੇ ਅੰਦਰ ਐਨਸੀਆਰਬੀ ਦੇ ਡਾਟਾ ਦੇ ਮੁਤਾਬਿਕ ਤੀਜੇ ਨੰਬਰ ਤੇ ਦੇਸ਼ ਵਿੱਚ ਸਭ ਤੋਂ ਵੱਧ 90 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਜਦੋਂ ਕਿ ਬਿਹਾਰ ਦੇ ਵਿੱਚ 134 ਅਤੇ ਕਰਨਾਟਕਾ ਦੇ ਵਿੱਚ 98 ਹੈ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਜਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 22 ਦੇ ਕਰੀਬ ਹੈ। ਆਂਕੜੇ ਦੱਸਦੇ ਹਨ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਸਥਿਤੀ ਠੀਕ ਨਹੀਂ ਹੈ ਪਰ ਨਸ਼ੇ ਤੇ ਪੰਜਾਬ ਦੇ ਅੰਦਰ ਹੁਣ ਤੱਕ ਸਿਆਸਤ ਤਾਂ ਹੋਈ ਹੈ ਪਰ ਮਸਲਾ ਹੱਲ ਨਹੀਂ ਹੋਇਆ।
ਵਿਰੋਧੀਆਂ ਦੇ ਨਿਸ਼ਾਨੇ ਤੇ ਭਾਜਪਾ:ਨਸ਼ੇ ਦੇ ਠੱਲ ਪਾਉਣ ਲਈ ਲਗਾਤਾਰ ਕੇਂਦਰ ਵੱਲੋਂ ਇਹ ਵੀ ਸਕੀਮਾਂ ਲਿਆਂਦੀਆਂ ਗਈਆਂ ਤੇ ਬੀਐਸਐਫ ਨੂੰ ਪੰਜਾਬ ਦੀਆਂ ਸਰਹੱਦਾਂ ਦਾ ਵੱਧ ਘੇਰਾ ਦੇ ਦਿੱਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਸਿਆਸਤ ਵੀ ਗਰਮਾਈ। ਇਸ ਸਬੰਧੀ ਲੋਕ ਭਲਾਈ ਪਾਰਟੀ ਦੇ ਮੁਖੀ ਬਲਵੰਤ ਸਿੰਘ ਰਾਮੂਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਜੋ ਪੰਜ ਸਾਲਾਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੀ ਹੈ। ਉਹ ਪਿਛਲੇ 10 ਸਾਲ ਦੇ ਵਿੱਚ ਕੀ ਕਰ ਰਹੀ ਸੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਜਿਹੜੇ ਅਜੰਡੇ ਪੰਜਾਬ ਦੇ ਵਿੱਚ ਲਾਏ ਹਨ। ਉਨ੍ਹਾਂ ਵਿੱਚੋਂ ਨਸ਼ਾ ਕਿਤੇ ਵੀ ਨਹੀਂ ਹੈ ਇੱਥੋਂ ਤੱਕ ਕਿ ਨਸ਼ੇ ਦੇ ਬਾਰੇ ਕੋਈ ਸਕੀਮ ਕੋਈ ਪ੍ਰੋਗਰਾਮ ਪੰਜਾਬ ਦੇ ਵਿੱਚ ਨਹੀਂ ਚਲਾਇਆ ਗਿਆ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਢਿੱਲੋਂ ਨੇ ਵੀ ਕਿਹਾ ਹੈ ਕਿ ਨਸ਼ਾ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਇਸ ਤੇ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਰੋਟੀਆਂ ਸੇਕਣ ਦੀ ਥਾਂ ਤੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਬੇਹੱਦ ਜਰੂਰੀ ਹੈ ਪਰ ਉਸ ਨੂੰ ਸਮਾਂ ਲੱਗੇਗਾ। ਇਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਰਾਤੋ-ਰਾਤ ਬਿਆਨ ਦੇ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਕਰ ਸਕਦੀਆਂ। ਪੰਜਾਬ ਦੇ ਵਿੱਚ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਸ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਲੋੜ ਹੈ ਤਾਂ ਕਿ ਇਸ ਦੇ ਹੱਲ ਕੀਤਾ ਜਾ ਸਕੇ ਅਤੇ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਿਆ ਜਾ ਸਕੇ।