ਲੁਧਿਆਣ:ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇਸ਼ ਦੇ ਪਹਿਲੇ ਇੰਜਨੀਅਰਿੰਗ ਕਾਲਜਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦੇ 2 ਪ੍ਰੋਫੈਸਰ ਡਾਕਟਰ ਰਮਨ ਸਹਿਗਲ ਅਤੇ ਡਾਕਟਰ ਸੀਤਾ ਰਾਣੀ ਨੇ ਪੂਰੇ ਵਿਸ਼ਵ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਹੈ। ਦਰਅਸਲ ਸੈਨਫੋਰਡ ਯੂਨੀਵਰਸਿਟੀ ਵੱਲੋਂ ਇਹਨਾਂ ਦੋਵਾਂ ਵਿਗਿਆਨੀਆਂ ਨੂੰ ਵਿਸ਼ਵ ਵਿੱਚ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੀ ਸੂਚੀ ਦੇ ਅੰਦਰ ਸ਼ਾਮਿਲ ਕੀਤਾ ਹੈ।
ਡਾਕਟਰ ਰਮਨ ਸਹਿਗਲ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਇਸ ਸੂਚੀ ਦੇ ਵਿੱਚ ਸ਼ਾਮਿਲ ਹਨ। ਸਕੂਪਸ ਦੇ ਵਿੱਚ ਲਗਾਤਾਰ ਪਬਲੀਕੇਸ਼ਨ ਦੇ ਕਰਕੇ ਇਹਨਾਂ ਦੋਵਾਂ ਨੂੰ ਹੀ ਇਹ ਮਾਣ ਹਾਸਿਲ ਹੋਇਆ ਹੈ। ਡਾਕਟਰ ਰਮਨ ਸਹਿਗਲ ਜੀਐਨਈ ਦੇ ਵਿੱਚ ਮਕੈਨੀਕਲ ਅਤੇ ਪ੍ਰੋਡਕਸ਼ਨ ਇੰਜੀਨੀਅਰਿੰਗ ਵਿਭਾਗ ਦੇ ਵਿੱਚ ਖੋਜ ਕਰ ਰਹੇ ਹਨ ਅਤੇ ਦੂਜੇ ਪਾਸੇ ਡਾਕਟਰ ਸੀਤਾ ਰਾਣੀ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿੱਚ ਆਪਣੀਆਂ ਖੋਜਾਂ ਕੀਤੀਆਂ ਹਨ। ਸਿਹਤ ਖੇਤਰ ਵਿੱਚ ਏਆਈ ਦੀ ਵਰਤੋਂ ਕਰਕੇ ਇਲਾਜ ਲਈ ਬਿਹਤਰ ਢੰਗ ਅਤੇ ਉਸ ਦਾ ਡਾਟਾ ਸੁਰੱਖਿਅਤ ਰੱਖਣ ਲਈ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਅਤੇ ਪਬਲੀਕੇਸ਼ਨ ਕਰਕੇ ਉਹਨਾਂ ਨੂੰ ਹੁਣ ਵਿਸ਼ਵ ਵਿੱਚ ਚੋਟੀ ਦੇ ਦੋ ਫੀਸਦੀ ਵਿਗਿਆਨੀਆਂ ਦੇ ਵਿੱਚ ਸੂਚੀਬੱਧ ਕੀਤਾ ਗਿਆ ਹੈ।
ਵਿਸ਼ਵ ਪੱਧਰੀ ਖੋਜ:ਦੋਵਾਂ ਵਿਗਿਆਨੀ ਵਿਸ਼ਵ ਪੱਧਰ ਉੱਤੇ ਨੌਜਵਾਨ ਵਿਗਿਆਨੀਆਂ ਲਈ ਇੱਕ ਚਾਨਣ ਮੁਨਾਰਾ ਬਣੇ ਹਨ, ਜਿਨ੍ਹਾਂ ਵੱਲੋਂ ਆਪੋ ਆਪਣੇ ਖੇਤਰਾਂ ਵਿੱਚ ਕੀਤੀ ਗਈ ਖੋਜ ਨੂੰ ਪੂਰੇ ਵਿਸ਼ਵ ਦੇ ਵਿੱਚ ਪਹੁੰਚਾਇਆ ਗਿਆ ਹੈ। ਇੰਨਾਂ ਹੀ ਨਹੀਂ ਨੌਜਵਾਨ ਵਿਗਿਆਨੀ ਇਹਨਾਂ ਦੀਆਂ ਖੋਜਾਂ ਨੂੰ ਅਧਾਰ ਦੇ ਰੂਪ ਦੇ ਵਿੱਚ ਵਰਤ ਕੇ ਅੱਗੇ ਹੋਰ ਡੂੰਘਾਈ ਵਿੱਚ ਖੋਜ ਤੱਕ ਪਹੁੰਚ ਰਹੇ ਹਨ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਨੇ ਵੀ ਇਹਨਾਂ ਦੋਵਾਂ ਹੀ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਸਾਡੇ ਲਈ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੋਵਾਂ ਵਿਗਿਆਨੀਆਂ ਨੇ ਆਪੋ ਆਪਣੇ ਖੇਤਰ ਦੇ ਵਿੱਚ ਜੋ ਖੋਜਾਂ ਕੀਤੀਆਂ ਹਨ, ਉਹਨਾਂ ਨੂੰ ਵਿਸ਼ਵ ਪੱਧਰ ਉੱਤੇ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਨਾ ਸਿਰਫ ਇਹ ਪਬਲਿਸ਼ ਹੋਈਆ ਹਨ ਸਗੋਂ ਇਹਨਾਂ ਨੂੰ ਰੈਫਰੈਂਸ ਦੇ ਤੌਰ ਉੱਤੇ ਵੀ ਅੱਗੇ ਵਿਗਿਆਨੀ ਵਰਤ ਰਹੇ ਹਨ। ਜਿਸ ਕਰਕੇ ਵਿਸ਼ਵ ਦੀ ਚੋਟੀ ਦੀ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਵਿਸ਼ਵ ਦੇ ਬਿਹਤਰੀਨ ਦੋ ਫੀਸਦੀ ਡਾਕਟਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ।