RANSOM IN BARNALA ARRESTED (ETV Bharat) ਬਰਨਾਲਾ:ਬਰਨਾਲਾ ਪੁਲਿਸ ਨੇ ਸ਼ਹਿਰ ਦੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਬਰਨਾਲਾ ਦੇ ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਰੰਗੇ ਹੱਥ ਕਾਬੂ ਕੀਤਾ। ਡੀਐਸਪੀ ਬਰਨਾਲਾ ਸਤਬੀਰ ਸਿੰਘ ਨੇ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਹਿਰ ਦੇ ਵਪਾਰੀ ਹੀਰਾ ਲਾਲ ਪੁੱਤਰ ਚਮਨ ਲਾਲ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਵਟਸਐੱਪ ਕਾਲ ਕਰਕੇ 50 ਲੱਖ ਰੁਪਏ ਦੀ ਫਿ਼ਰੌਤੀ ਮੰਗੀ ਗਈ। ਬਰਨਾਲਾ ਪੁਲਿਸ ਨੇ ਇਸ ਸੰਬੰਧ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਇਤਕਰਤਾ ਦੇ ਬਿਆਨ ਤੇ ਅਣਪਛਾਤੇ ਫਰੌਤੀ ਮੰਗਣ ਵਾਲੇ ਮੁਲਜ਼ਮ ਵਿਰੁੱਧ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਥਾਣਾ ਸਿਟੀ ਬਰਨਾਲਾ ਦੇ ਮੁਖੀ ਇੰਸਪੈਕਟਰ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਇਸ ਸੰਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਕਰਤਾ ਦੇ ਨਾਲ ਮਿਲ ਕੇ ਇਸ ਸਬੰਧੀ ਇੱਕ ਗੁਪਤ ਆਪਰੇਸ਼ਨ ਚਲਾਇਆ, ਜਿਸ ਤਹਿਤ ਫ਼ਿਰੌਤੀ ਮੰਗਣ ਵਾਲੇ ਮੁਲਜ਼ਮਾਂ ਨੂੰ ਫ਼ਿਰੌਤੀ ਦੀ ਰਕਮ ਲੈਣ ਲਈ ਬੁਲਾਇਆ ਗਿਆ। ਜਿਸਤੋਂ ਬਾਅਦ ਸ਼ਿਕਾਇਤਕਰਤਾ ਵਪਾਰੀ ਨੂੰ 4 ਲੱਖ 90 ਹਜ਼ਾਰ ਦੇ ਨਕਲੀ ਨੋਟ ਅਤੇ 10 ਹਜ਼ਾਰ ਰੁਪਏ ਦੇ ਅਸਲੀ ਨੋਟ ਲੈ ਕੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਮਿਲਾਇਆ ਗਿਆ।
ਇਸ ਅਪਰੇਸ਼ਨ ਦੌਰਾਨ ਬਰਨਾਲਾ ਪੁਲਿਸ ਨੇ ਦੋਸ਼ੀ ਨਿਰਮਲ ਸਿੰਘ ਨਿੰਮਾ ਪੁੱਤਰ ਸੁਖਮੰਦਰ ਸਿੰਘ ਨਿਵਾਸੀ ਠੱਠੀ ਭਾਈਕਾ ਜ਼ਿਲ੍ਹਾ ਮੋਗਾ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਉਕਤ ਮੁਲਜ਼ਮ ਤੋਂ ਪੁਲਿਸ ਨੇ ਇੱਕ 315 ਬੋਰ ਪਿਸਤੌਲ, 1 ਜਿੰਦਾ ਕਾਰਤੂਸ, 4 ਲੱਖ 90 ਹਜ਼ਾਰ ਨਕਲੀ ਨੋਟ ਅਤੇ 10 ਹਜ਼ਾਰ ਰੁਪਏ ਅਸਲੀ ਨੋਟ ਅਤੇ ਇੱਕ ਬਲੈਰੋ ਗੱਡੀ ਬਰਾਮਦ ਕੀਤੀ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਫ਼ਿਰੌਤੀ ਮੰਗਣ ਵਾਲਾ ਮੁਲਜ਼ਮ ਸੁਖਭਿੰਦਰਪਾਲ ਸਿੰਘ ਗੱਗੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
RANSOM IN BARNALA ARRESTED (ETV Bharat) ਨਾਜਾਇਜ਼ ਅਸਲਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਕਾਬੂ: ਉਥੇ ਨਾਲ ਹੀ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਨਾਜਾਇਜ਼ ਅਸਲਾ ਤਸਕਰੀ ਦੇ ਮੁਲਜ਼ਮਾਂ ਤਹਿਤ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਮੁਲਜ਼ਮ ਗਗਨਦੀਪ ਸਿੰਘ ਨਿਵਾਸੀ ਕੱਟੂ (ਬਰਨਾਲਾ) ਅਤੇ ਸੁਰਿੰਦਰ ਕੁਮਾਰ ਵਾਸੀ ਜਲੰਧਰ ਤੋਂ ਇੱਕ ਪਿਸਤੌਲ 32 ਬੋਰ, ਜਿੰਦਾ ਕਾਰਤੂਸ ਅਤੇ ਇੱਕ ਥਾਰ ਗੱਡੀ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਪਰੇਸ਼ਨ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਸਫ਼ਲ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸੀ ਦਾ ਸਾਥ ਰਿਹਾ।