ਟਰੱਕ ਯੂਨੀਅਨ ਪ੍ਰਧਾਨਗੀ ਦੀ ਲੜਾਈ (ETV BHARAT) ਬਰਨਾਲਾ:ਜ਼ਿਲ੍ਹੇ ਦੀ ਤਪਾ ਮੰਡੀ ਟਰੱਕ ਯੂਨੀਅਨ ਵਿੱਚ ਸਰਦਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਵਿੱਚ ਝੜਪ ਹੋ ਗਈ। ਜਿਸ ਕਰਕੇ ਯੂਨੀਅਨ ਵਿੱਚ ਪੂਰਾ ਤਣਾਅ ਦਾ ਮਾਹੌਲ ਰਿਹਾ। ਉਧਰ ਟਰੱਕ ਆਪਰੇਟਰ ਆਪਣੀ ਮਿਹਨਤ ਦੇ ਪੈਸੇ ਲੈਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਤਪਾ ਪੁਲਿਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।
ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਲੜਾਈ: ਟਰੱਕ ਯੂਨੀਅਨ ਤਪਾ ਦਾ ਮਾਮਲਾ ਉਸ ਸਮੇਂ ਗਰਮਾ ਗਿਆ। ਜਦੋਂ ਠੇਕੇਦਾਰ, ਟਰੱਕ ਯੂਨੀਅਨ ਦੇ ਕਲਰਕ ਕੋਲ ਟਰੱਕ ਅਪਰੇਟਰਾਂ ਦੀ 20 ਲੱਖ ਰੁਪਏ ਦੀ ਪੁਰਾਣੀ ਰਕਮ ਅਦਾ ਕਰਨ ਲਈ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਹੋਏ ਝਗੜੇ ਦੇ ਮੱਦੇਨਜ਼ਰ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਟਰੱਕ ਯੂਨੀਅਨ ਦੇ ਦੋਵੇਂ ਪ੍ਰਧਾਨਾਂ ਤੇਜਿੰਦਰ ਸਿੰਘ ਅਤੇ ਨਰਾਇਣ ਸਿੰਘ ਪੰਧੇਰ ਨੂੰ ਟਰੱਕ ਯੂਨੀਅਨ ਵਿੱਚ ਵੜਨ ਨਹੀਂ ਦਿੱਤਾ। ਪਰ ਕੁਝ ਸਮੇਂ ਬਾਅਦ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਦਿਖਾ ਰਹੀ ਆਮ ਆਦਮੀ ਪਾਰਟੀ ਦੀ ਦੂਜੀ ਧਿਰ ਟਰੱਕ ਯੂਨੀਅਨ ਦੇ ਅੰਦਰ ਦਾਖਲ ਹੋ ਗਈ ਅਤੇ ਟਰੱਕ ਯੂਨੀਅਨ ਦੇ ਦੋ ਪ੍ਰਧਾਨਾਂ ਦੇ ਨਾਲ-ਨਾਲ ਸਾਥੀਆਂ ਦੀ ਆਪਸ ਵਿੱਚ ਜ਼ਬਰਦਸਤ ਝੜਪ ਵੀ ਹੋ ਗਈ।
ਵਿਧਾਇਕ ਦੀ ਸ਼ੈਅ 'ਤੇ ਧੱਕਾ: ਇਸ ਮੌਕੇ ਟਰੱਕ ਆਪਰੇਟਰ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੁਰਾਣੇ ਪ੍ਰਧਾਨ ਦਾ ਸਾਥ ਅਤੇ ਨਵੇਂ ਪ੍ਰਧਾਨ ਦਾ ਵਿਰੋਧ ਕੀਤਾ ਗਿਆ। ਇਸ ਮਾਮਲੇ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਪੁਰਾਣੇ ਪ੍ਰਧਾਨ ਨਰਾਇਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਸ਼ਾਸਨ ਤੇ ਹੋਰ ਧਿਰਾਂ ਜਾਣਬੁੱਝ ਕੇ ਇਸ ਦਾ ਵਿਰੋਧ ਕਰ ਰਹੀਆਂ ਹਨ। ਟਰੱਕ ਯੂਨੀਅਨ ਦੀ ਅਗਵਾਈ ਸੰਭਾਲਣ ਲਈ ਯਤਨ ਕੀਤੇ ਜਾ ਰਹੇ ਹਨ। ਜੇਕਰ ਟਰੱਕ ਅਪਰੇਟਰਾਂ ਦੀ ਗੱਲ ਕਰੀਏ ਤਾਂ ਟਰੱਕ ਅਪਰੇਟਰਾਂ ਨੇ ਆਮ ਆਦਮੀ ਪਾਰਟੀ ਵੱਲੋਂ ਬਣਾਈ ਤਪਾ ਟਰੱਕ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਅਤੇ ਨਰਾਇਣ ਸਿੰਘ ਪੰਧੇਰ ਦੋਵਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਉਹਨਾਂ ਭਦੌੜ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਿਰੁੱਧ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਭਦੌੜ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਕਿਸੇ ਹੋਰ ਪਾਰਟੀ ਦੇ ਸਿਆਸੀ ਦਬਾਅ ਹੇਠ ਜਾਣਬੁੱਝ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਅਕਤੀ ਨੂੰ ਟਰੱਕ ਯੂਨੀਅਨ ਤਪਾ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਸ਼ਰੇਆਮ ਧੱਕੇਸ਼ਾਹੀ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਰਟੀ ਨੇ ਦਿੱਤੀ ਸਾਨੂੰ ਜ਼ਿੰਮੇਵਾਰੀ:ਜਦਕਿ ਨਵੇਂ ਪ੍ਰਧਾਨ ਦੀ ਧਿਰ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ। ਜਿਸ ਕਰਕੇ ਪੁਰਾਣੀ ਧਿਰ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਵਲੋਂ ਸਾਡੇ 'ਤੇ ਹਮਲਾ ਕੀਤਾ ਗਿਆ, ਜਿਸ 'ਚ ਪੁਲਿਸ ਪ੍ਰਸ਼ਾਸਨ ਨੇ ਵਧੀਆ ਜ਼ਿੰਮੇਵਾਰੀ ਨਾਲ ਮੌਕਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇੰਨ੍ਹਾਂ ਨੂੰ ਪਹਿਲਾਂ ਮੌਕਾ ਦਿੱਤਾ ਸੀ ਪਰ ਹੁਣ ਮੌਜੂਦਾ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ।
ਪੁਲਿਸ ਕੈਮਰੇ ਸਾਹਮਣੇ ਬੋਲਣ ਤੋਂ ਭੱਜੀ: ਇਸ ਮਾਮਲੇ ਨੂੰ ਲੈ ਕੇ ਡੀਐਸਪੀ ਤਪਾ ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਨਜ਼ਦੀਕੀ ਥਾਣੇ ਦੇ ਐਸਐਚਓ ਅਤੇ ਪੁਲਿਸ ਫੋਰਸ ਨੂੰ ਵੱਡੀ ਪੱਧਰ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਵੀ ਅਧਿਕਾਰੀ ਨੇ ਮੀਡੀਆ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।