ਕਿਸਾਨ ਮੇਲੇ ਦੀ ਹੋਈ ਸ਼ੁਰੂਆਤ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਦੋ ਦਿਨਾਂ ਕਿਸਾਨ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਅੱਜ ਪਹਿਲੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੇਲੇ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਪੀਏਯੂ ਨੇ ਨਵੀਂ ਦਿਸ਼ਾ ਦਿੱਤੀ ਹੈ।
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗਲਤ: ਇਸ ਦੇ ਨਾਲ ਹੀ ਉਹਨਾਂ ਇਸ ਦੌਰਾਨ ਕਿਸਾਨਾਂ ਬਾਰੇ ਪੁੱਛੇ ਗਏ ਸਵਾਲ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਇਆ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪੰਚਾਇਤਾਂ ਦੇ ਵਿੱਚ ਵੱਡੇ ਮਸਲੇ ਹੱਲ ਹੁੰਦੇ ਹਨ ਅਤੇ ਵਿਚਾਰੇ ਜਾਂਦੇ ਹਨ, ਕਿਸਾਨਾਂ ਨੇ ਵੱਡੇ ਮੁੱਦਿਆਂ 'ਤੇ ਕਿਸਾਨ ਮਹਾਂ ਪੰਚਾਇਤ ਦੇ ਵਿੱਚ ਚਰਚਾ ਕਰਨੀ ਹੈ, ਇਸ ਕਰਕੇ ਉਹਨਾਂ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ।
ਖੇਤੀ ਦੇ ਤੌਰ ਤਰੀਕੇ ਬਦਲ ਗਏ: ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਵੇਖਣ ਆਏ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਵਕਤ ਕਿਸਾਨੀ ਦੇ ਵਿੱਚ ਬਹੁਤ ਫਰਕ ਆ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨੀ ਜ਼ਰੂਰਤਾਂ ਲਈ ਹੁੰਦੀ ਸੀ ਅਤੇ ਹੁਣ ਜਿਆਦਾ ਫਸਲ ਉਗਾਉਣ ਦੇ ਲਈ ਜਿਆਦਾ ਸਪਰੇਹਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ,ਜਿਸ ਨਾਲ ਖੇਤੀ ਦੇ ਮੁਨਾਫੇ ਘੱਟਣ ਲੱਗ ਪਏ ਹਨ। ਉਹਨਾਂ ਕਿਹਾ ਕਿ ਭਾਵੇਂ ਫਸਲ ਜ਼ਿਆਦਾ ਹੋਣ ਲੱਗ ਗਈ ਹੈ ਪਰ ਉਨਾਂ ਖਰਚਾ ਵੱਧ ਗਿਆ ਹੈ।ਉਹਨਾਂ ਕਿਹਾ ਕਿ ਕਿਸਾਨ ਹੁਣ ਸਟੈਂਡਰਡ ਦਿਖਾਉਣ ਦੇ ਲਈ ਮਹਿੰਗੀਆਂ ਗੱਡੀਆਂ,ਮਹਿੰਗੇ ਟਰੈਕਟਰ ਲੈਂਦੇ ਹਨ, ਜ਼ਿਆਦਾ ਖਰਚੇ ਕਰਦਾ ਹੈ, ਜਿਸ ਨਾਲ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਖੇਤੀ ਜਿਆਦਾ ਬੋਤਿਆਂ ਦੇ ਨਾਲ ਤੇ ਬਲਦਾਂ ਦੇ ਨਾਲ ਕੀਤੀ ਜਾਂਦੀ ਸੀ ਪਰ ਹੁਣ ਖੇਤੀ ਦੇ ਤੌਰ ਤਰੀਕੇ ਬਦਲ ਗਏ ਹਨ।
ਫਾਇਦੇਮੰਦ ਧੰਦਾ ਨਹੀਂ ਰਹੀ ਖੇਤੀ:ਕਿਸਾਨਾਂ ਨੇ ਕਿਹਾ ਕਿ ਇਸੇ ਕਰਕੇ ਖੇਤੀ ਹੁਣ ਫਾਇਦੇਮੰਦ ਧੰਦਾ ਨਹੀਂ ਰਹੀ ਹੈ। ਪਹਿਲਾਂ ਘੱਟ ਖਰਚੇ 'ਤੇ ਜਿਆਦਾ ਜ਼ਮੀਨ ਦੇ ਵਿੱਚ ਖੇਤੀ ਹੋ ਜਾਂਦੀ ਸੀ ਪਰ ਹੁਣ ਜ਼ਿਆਦਾ ਖਰਚੇ ਦੇ ਨਾਲ ਘੱਟ ਜਮੀਨ ਦੇ ਵਿੱਚ ਖੇਤੀ ਕੀਤੀ ਜਾ ਰਹੀ ਹੈ। ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਪੰਜਾਬ ਦੇ ਵਿੱਚ ਲੋੜ ਨਹੀਂ ਸੀ ਪਰ ਕਿਸਾਨਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪਾਣੀ ਦੀ ਵੀ ਵੱਡੀ ਸਮੱਸਿਆ ਆਈ ਹੈ। ਕਾਬਿਲੇਗੌਰ ਹੈ ਕਿ ਦੋ ਦਿਨਾਂ ਕਿਸਾਨ ਮੇਲੇ 'ਚ ਪਹਿਲੇ ਦਿਨ ਖੇਤੀ ਸੰਦਾਂ ਦੀ ਪ੍ਰਦਰਸ਼ਨੀ ਦੇ ਨਾਲ ਨਵੀਆਂ ਫਸਲਾਂ ਦੇ ਬੀਜ ਅਤੇ ਹੋਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਇਸ ਦੌਰਾਨ ਖੇਤੀਬਾੜੀ ਮੰਤਰੀ ਵੱਲੋਂ ਪ੍ਰਦਰਸ਼ਨੀਆਂ ਵੀ ਵੇਖੀਆਂ ਗਈਆਂ ਅਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ।