ਪੰਜਾਬ ਚ ਰੇਲ ਹਾਦਸਾ (ETV BHARAT) ਚੰਡੀਗੜ੍ਹ: ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਅੱਜ ਤੜਕੇ 4 ਵਜੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਨ੍ਹਾਂ ਵਿੱਚੋਂ ਇੱਕ ਦਾ ਇੰਜਣ ਪਲਟ ਗਿਆ ਅਤੇ ਸਾਈਡ ਟਰੈਕ ਤੋਂ ਲੰਘ ਰਹੀ ਇੱਕ ਯਾਤਰੀ ਰੇਲਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।
ਦੋ ਮਾਲ ਗੱਡੀਆਂ ਦੀ ਹੋਈ ਟੱਕਰ: ਇਹ ਹਾਦਸਾ ਓਡੀਸ਼ਾ ਦੇ ਬਾਲਾਸੋਰ ਵਿੱਚ ਪਿਛਲੇ ਸਾਲ ਵਾਪਰੇ ਹਾਦਸੇ ਵਰਗਾ ਹੀ ਸੀ। ਉਸ ਹਾਦਸੇ 'ਚ ਇਕ ਹੋਰ ਰੇਲਗੱਡੀ ਆਈ ਅਤੇ ਰੇਲਵੇ ਟਰੈਕ 'ਤੇ ਪਹਿਲਾਂ ਤੋਂ ਖੜ੍ਹੀ ਟਰੇਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ਦੌਰਾਨ ਇੱਕ ਤੀਜੀ ਗੱਡੀ ਜੋ ਉਥੋਂ ਲੰਘ ਰਹੀ ਸੀ, ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਰੇਲ ਹਾਦਸੇ ਵਿੱਚ 293 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵਾਪਰੇ ਇਸ ਹਾਦਸੇ ਦੀ ਰੂਪ-ਰੇਖਾ ਕੁਝ ਇਸੇ ਤਰ੍ਹਾਂ ਦੀ ਹੈ, ਪਰ ਰਫ਼ਤਾਰ ਹੌਲੀ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ।
ਰੇਲਵੇ ਨੇ ਗੱਡੀਆਂ ਦੇ ਬਦਲੇ ਰੂਟ: ਉਥੇ ਹੀ ਰੇਲ ਹਾਦਸਾ ਹੋਣ ਕਾਰਨ ਰੇਲਵੇ ਲਾਈਨਾਂ ਠੱਪ ਹੋ ਚੁੱਕੀਆਂ ਹਨ। ਜਿਸ ਦੇ ਚੱਲਦੇ ਰੇਲਵੇ ਵਿਭਾਗ ਨੇ ਟ੍ਰੇਨਾਂ ਦੀ ਆਵਾਜ਼ਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਕੁਝ ਟ੍ਰੇਨਾਂ ਦੇ ਰੂਟ ਬਦਲੇ ਹਨ, ਜਦਕਿ ਦੋ ਟ੍ਰੇਨਾਂ ਨੂੰ ਰੱਦ ਵੀ ਕੀਤਾ ਗਿਆ ਹੈ।
ਇੰਨ੍ਹਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਰੇਲ ਗੱਡੀਆਂ ਦੀ ਨਵੀਂ ਸਮਾਂ ਸਾਰਨੀ (ETV BHARAT) ਹਾਦਸੇ 'ਚ ਯਾਤਰੀ ਗੱਡੀ ਵੀ ਨੁਕਸਾਨੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਨਿਊ ਸਰਹਿੰਦ ਸਟੇਸ਼ਨ 'ਤੇ ਕੋਲੇ ਨਾਲ ਲੱਦੀ ਰੇਲ ਗੱਡੀ ਖੜ੍ਹੀ ਸੀ, ਜਿਸ ਨੂੰ ਰੋਪੜ ਭੇਜਿਆ ਜਾਣਾ ਸੀ। ਇਸੇ ਟ੍ਰੈਕ 'ਤੇ ਪਿੱਛੇ ਤੋਂ ਕੋਲੇ ਨਾਲ ਭਰੀ ਇਕ ਹੋਰ ਰੇਲਗੱਡੀ ਆਈ, ਜੋ ਪਹਿਲਾਂ ਤੋਂ ਖੜ੍ਹੀ ਕੋਲੇ ਦੀ ਮਾਲ ਗੱਡੀ ਨਾਲ ਟਕਰਾ ਗਈ। ਇਸ ਕਾਰਨ ਮਾਲ ਗੱਡੀ ਦਾ ਇੰਜਣ ਪਲਟ ਗਿਆ। ਇਸ ਦੌਰਾਨ ਕੋਲਕਾਤਾ ਤੋਂ ਜੰਮੂ ਤਵੀ ਜਾ ਰਹੀ ਸਪੈਸ਼ਲ ਸਮਰ ਟਰੇਨ (04681) ਅੰਬਾਲਾ ਤੋਂ ਲੁਧਿਆਣਾ ਵੱਲ ਰਵਾਨਾ ਹੋਈ। ਜਦੋਂ ਇਹ ਟਰੇਨ ਨਿਊ ਸਰਹਿੰਦ ਸਟੇਸ਼ਨ ਨੇੜੇ ਪਹੁੰਚੀ ਤਾਂ ਇਸ ਦੀ ਰਫ਼ਤਾਰ ਧੀਮੀ ਸੀ। ਇਸ ਦੌਰਾਨ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਦੋਂ ਇੰਜਣ ਪਲਟ ਗਿਆ ਤਾਂ ਇਹ ਯਾਤਰੀ ਟਰੇਨ ਨਾਲ ਟਕਰਾ ਗਿਆ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਯਾਤਰੀ ਟਰੇਨ ਦੀ ਰਫਤਾਰ ਧੀਮੀ ਸੀ ਇਸ ਲਈ ਡਰਾਈਵਰ ਨੇ ਤੁਰੰਤ ਟਰੇਨ ਨੂੰ ਰੋਕ ਦਿੱਤਾ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ, ਰੇਲ ਗੱਡੀ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਟਰੈਕ ਦਾ ਬੁਰਾ ਹਾਲ ਹੈ। ਹਾਦਸੇ ਤੋਂ ਬਾਅਦ ਯਾਤਰੀ ਰੇਲ ਗੱਡੀ ਨੂੰ ਦੂਜਾ ਇੰਜਣ ਲਗਾ ਕੇ ਰਾਜਪੁਰਾ ਲਈ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਟਰੈਕ ਨੂੰ ਸਹੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੀਆਂ ਬੋਗੀਆਂ ਵੀ ਇਕ-ਦੂਜੇ 'ਤੇ ਚੜ੍ਹ ਗਈਆਂ। ਹਾਦਸੇ ਤੋਂ ਬਾਅਦ ਰੇਲਵੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਇੰਜਣ ਦਾ ਸ਼ੀਸ਼ਾ ਤੋੜਿਆ ਅਤੇ ਅੰਦਰ ਫਸੇ ਲੋਕੋ ਪਾਇਲਟ ਨੂੰ ਬਚਾਇਆ। ਉਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਹਾਦਸੇ 'ਚ 2 ਲੋਕੋ ਪਾਇਲਟ ਜ਼ਖਮੀ:ਉਥੇ ਹੀ ਸਰਹਿੰਦ ਦੇ ਜੀਆਰਪੀ ਥਾਣਾ ਇੰਚਾਰਜ ਰਤਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲ ਹਾਦਸੇ ਹੋਇਆ ਹੈ, ਜਿਸ ਕਾਰਨ ਉਹ ਜਾਂਚ ਲਈ ਇਥੇ ਆਏ ਹਨ। ਉਨ੍ਹਾਂ ਦੱਸਿਆ ਕਿ ਯਾਤਰੀ ਟਰੇਨ ਅੰਬਾਲਾ ਵੱਲ ਆ ਰਹੀ ਸੀ ਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸਰਹਿੰਦ ਸਟੇਸ਼ਨ 'ਤੇ ਖੜ੍ਹੀ ਸੀ। ਹਾਦਸਾ ਕਿਵੇਂ ਵਾਪਰਿਆ ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਦੋ ਲੋਕੋ ਪਾਇਲਟ ਜ਼ਰੂਰ ਜ਼ਖਮੀ ਹੋਏ ਹਨ। ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਡਾਕਟਰ ਇਰਵਿਨ ਪ੍ਰੀਤ ਕੌਰ ਨੇ ਦੱਸਿਆ ਹੈ ਕਿ ਰੇਲ ਹਾਦਸੇ ਤੋਂ ਬਾਅਦ ਹਸਪਤਾਲ 'ਚ ਦੋ ਲੋਕੋ ਪਾਇਲਟ ਲਿਆਂਦੇ ਗਏ ਸਨ। ਇੰਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਵਿਕਾਸ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਪਿੱਠ 'ਤੇ ਸੱਟ ਲੱਗੀ ਹੈ। ਦੋਵਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਰੇਲਵੇ ਵਿਭਾਗ ਨੇ ਸ਼ੁਰੂ ਕੀਤੀ ਜਾਂਚ:ਉਥੇ ਹੀ ਹਾਦਸੇ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਨੁਕਤਾ ਇਹ ਹੈ ਕਿ ਜਦੋਂ ਇਕ ਮਾਲ ਗੱਡੀ ਪਹਿਲਾਂ ਹੀ ਲਾਈਨ 'ਤੇ ਖੜ੍ਹੀ ਸੀ ਤਾਂ ਉਸੇ ਲਾਈਨ 'ਤੇ ਇਕ ਹੋਰ ਰੇਲਗੱਡੀ ਕਿਵੇਂ ਆ ਗਈ? ਇਸ ਦੇ ਨਾਲ ਹੀ ਜੇਕਰ ਮਾਲ ਗੱਡੀ ਨੂੰ ਉਸੇ ਲਾਈਨ 'ਤੇ ਆਉਣ ਦਾ ਸਿਗਨਲ ਮਿਲ ਗਿਆ ਤਾਂ ਡਰਾਈਵਰ ਸਾਹਮਣੇ ਖੜ੍ਹੀ ਦੂਜੀ ਟਰੇਨ ਨੂੰ ਕਿਉਂ ਨਹੀਂ ਦੇਖ ਸਕਿਆ। ਹਾਦਸੇ ਪਿੱਛੇ ਲਾਪਰਵਾਹੀ ਦਾ ਪਤਾ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਠੱਪ ਹੋ ਗਈ ਹੈ। ਇੱਥੋਂ ਲੰਘਣ ਵਾਲੀ ਹਰ ਗੱਡੀ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।