ਅੰਮ੍ਰਿਤਸਰ : ਅੱਜ ਭਾਰਤ ਸਰਕਾਰ ਨੇ ਦਰਿਆਦਿਲੀ ਦਿਖਾਉਂਦੇ ਹੋਏ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਜਾਣਕਾਰੀ ਮੁਤਾਬਿਕ ਦੋਵਾਂ ਦੇਸ਼ਾਂ ਦੀ ਸੰਧੀ ਤੋਂ ਬਾਅਦ ਕੈਦੀਆਂ ਨੂੰ ਰਿਹਾ ਕਰਕੇ ਵਤਨ ਵਾਪਸੀ ਕਰਵਾਈ ਜਾ ਰਹੀ ਹੈ। ਅਸਲ ਵਿੱਚ ਜੋ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹ ਰਿਹਾਅ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਅੱਜ ਭਾਰਤ ਸਰਕਾਰ ਵੱਲੋਂ ਵੀ ਪੰਜ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਹ ਕੈਦੀ ਅਟਾਰੀ ਵਾਹਘਾ ਬਾਰਡਰ ਦੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਏ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਸਰੂਰ ਨਾਮ ਦੇ ਕੈਦੀ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਰਾਚੀ ਦਾ ਰਹਿਣ ਵਾਲਾ ਹੈ। ਉਹ 2008 ਦੇ ਵਿੱਚ ਭਾਰਤ ਆਇਆ ਸੀ ਉਸ ਕੋਲ ਛੇ ਮਹੀਨੇ ਦਾ ਵੀਜ਼ਾ ਸੀ, ਜਦੋਂ ਵੀਜ਼ਾ ਉਸ ਦਾ ਖਤਮ ਹੋ ਗਿਆ ਤਾਂ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹ ਲਖਨਊ ਦਾ ਵੀਜ਼ਾ ਲੈ ਕੇ ਆਇਆ ਸੀ। ਉਸ ਦੇ ਹੀ ਸਾਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਪਾਕਿਸਤਾਨੀ ਹੈ ਅਤੇ ਉਹ ਬਿਨ੍ਹਾਂ ਵੀਜ਼ੇ ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਜਿਸ ਦੇ ਚੱਲਦੇ ਉਸ ਨੂੰ ਸਥਾਨਕ ਪੁਲਿਸ ਨੇ ਫੜ੍ਹ ਲਿਆ ਅਤੇ ਜੇਲ੍ਹ ਵਿੱਚ ਭੇਜ ਦਿੱਤਾ।
ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਲਖਨਊ ਜੇਲ੍ਹ ਵਿੱਚ ਬੰਦ ਰਿਹਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਨੇ ਸਾਢੇ 16 ਸਾਲ ਭਾਰਤ ਦੀ ਜੇਲ੍ਹ ਵਿੱਚ ਗੁਜ਼ਾਰ ਦਿੱਤੇ ਅਤੇ ਅੱਜ ਉਹ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਉਸ ਦਾ ਕਹਿਣਾ ਸੀ ਕਿ ਜਿੰਨਾ ਪਿਆਰ ਮੈਨੂੰ ਭਾਰਤ ਵਿੱਚੋਂ ਮਿਲਿਆ ਹੈ ਮੈਂ ਉਸ ਲਈ ਸਭ ਦਾ ਸ਼ੁਕਰੀਆ ਅਦਾ ਕਰਦਾ ਹਾਂ। ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਦੇ ਪਾਕਿਸਤਾਨੀ ਹਾਂ, ਮੈਂ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਵਤਨ ਵਾਪਸ ਜਾਣ ਦਾ ਮੌਕਾ ਦਿੱਤਾ ਹੈ।
ਮੈਂ 2008 ਦੇ ਵਿੱਚ ਭਾਰਤ ਆਇਆ ਸੀ। ਮੈਂ ਲਖਨਊ ਦਾ ਵੀਜ਼ਾ ਲੈ ਕੇ ਆਇਆ ਸੀ ਅਤੇ ਲਖਨਊ ਦੇ ਵਿੱਚ ਇੱਕ ਦੁਕਾਨ ਉੱਤੇ ਸ਼ੀਸ਼ਾ ਕਟਿੰਗ ਅਤੇ ਲਗਾਉਣ ਦਾ ਕੰਮ ਕਰਦਾ ਸੀ। ਮੇਰੇ ਕੋਲ 6 ਮਹੀਨੇ ਦਾ ਵੀਜ਼ਾ ਸੀ, ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤਾਂ ਮੇਰੇ ਸਾਥੀਆਂ ਨੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ, ਜਿਸ ਦੇ ਚੱਲਦੇ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ।- ਮਸਰੂਰ, ਪਾਕਿਸਤਾਨੀ ਕੈਦੀ
ਉੱਥੇ ਹੀ ਇੱਕ ਪਾਕਿਸਤਾਨੀ ਕੈਦੀ ਜਾਫਰ ਹੁਸੈਨ ਹੈ ਜੋ ਜਸੂਸੀ ਦੇ ਕੇਸ ਵਿੱਚ ਫੜ੍ਹਿਆ ਗਿਆ ਸੀ। ਜਿਸ ਨੂੰ 17 ਸਾਲ ਦੀ ਸਜ਼ਾ ਹੋਈ ਅੱਜ ਉਹ ਆਪਣੀ ਸਜ਼ਾ ਪੂਰੀ ਕਰ ਆਪਣੇ ਵਤਨ ਪਾਕਿਸਤਾਨ ਗਿਆ। ਜਾਫਰ ਹੁਸੈਨ ਨੇ ਦੱਸਿਆ ਕਿ ਉਹ ਰਾਜਸਥਾਨ ਦੀ ਅਲਵਰ ਜੇਲ੍ਹ ਵਿੱਚ ਬੰਦ ਸੀ ਅਤੇ ਜਸੂਸੀ ਦੇ ਕੇਸ ਵਿੱਚ ਫੜਿਆ ਗਿਆ ਸੀ। ਉਹ ਵਿਆਹਿਆ ਹੈ ਅਤੇ ਉਸ ਦੀ ਪਤਨੀ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਰਹਿੰਦੀ ਹੈ।
ਮੇਰੀ ਉਮਰ 37 ਸਾਲ ਦੇ ਕਰੀਬ ਹੈ ਅਤੇ ਮੇਰੇ ਪੰਜ ਬੱਚੇ ਹਨ ਜੋ ਕਿ ਪਾਕਿਸਤਾਨ ਵਿੱਚ ਰਹਿੰਦੇ ਹਨ। ਮੈਂ ਭਾਰਤ ਦੀ ਨਾਗਰਿਕਤਾ ਚਾਹੁੰਦਾ ਸੀ ਪਰ ਫਿਲਹਾਲ ਮੈਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ। ਮੇਰੀ ਜ਼ਮੀਨ ਭਾਰਤ ਵਿੱਚ ਹੈ ਜਿਸ ਦੇ ਚਲਦੇ ਮੈਂ ਭਾਰਤ ਸਰਕਾਰ ਕੋਲੋਂ ਅਪੀਲ ਕਰਦਾ ਹਾਂ ਮੈਨੂੰ ਨਾਗਰਿਕਤਾ ਦਿੱਤੀ ਜਾਵੇ।- ਜਾਫਰ ਹੁਸੈਨ, ਪਾਕਿਸਤਾਨੀ ਕੈਦੀ
ਉੱਥੇ ਹੀ ਇੱਕ ਪਾਕਿਸਤਾਨੀ ਕੈਦੀ ਦਾ ਨਾਮ ਆਦਿਮ ਹੁਸੈਨ ਹੈ, ਜੋ ਪਾਕਿਸਤਾਨ ਵਿੱਚੋਂ ਗਲਤੀ ਨਾਲ ਦਰਿਆ ਵਿੱਚ ਮੱਛੀਆਂ ਫੜਦੇ ਹੋਏ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋ ਗਿਆ ਅਤੇ ਗੁਜਰਾਤ ਦੀ ਪੁਲਿਸ ਨੇ ਉਸ ਨੂੰ ਫੜ ਲਿਆ, ਜਿਸ ਨੂੰ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਅੱਜ ਉਹ ਪੰਜ ਸਾਲ ਦੀ ਸਜ਼ਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਵਾਪਿਸ ਜਾ ਰਿਹਾ ਹੈ।