ਲੁਧਿਆਣਾ :ਅੱਜ ਦਿੱਗਜ਼ਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਅੱਜ ਆਮ ਆਦਮੀ ਪਾਰਟੀ ਦੇ ਅਸ਼ੋਕ ਪਪੀ, ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋ ਅਤੇ ਕਾਂਗਰਸ ਤੋਂ ਰਾਜਾ ਵੜਿੰਗ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਇਸ ਸਬੰਧੀ ਰਾਜਾ ਵੜਿੰਗ ਵੱਲੋਂ ਜਾਣਕਾਰੀ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਹਨ ਅਤੇ ਉਨ੍ਹਾਂ ਨੇ ਇਸ ਦੀ ਤਸਵੀਰ ਪਾਈ ਹੈ ਜਿਸ ਤੋਂ ਬਾਅਦ ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਦੁਰਗਾ ਮਾਤਾ ਮੰਦਿਰ ਵਿੱਚ ਜਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਇਸ ਦੀਆਂ ਵੀਡੀਓ ਵੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀਆਂ ਹਨ।
ਇਹ ਹੋਵੇਗਾ ਨਾਮਜ਼ਦੀਆਂ ਭਰਨ ਦਾ ਸਮਾਂ ਤੇ ਪਲਾਨ:-
- ਅੱਜ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਇਸ ਸਬੰਧੀ ਬਕਾਇਦਾ ਇਨ੍ਹਾਂ ਆਗੂਆਂ ਨੇ ਵੱਖ-ਵੱਖ ਸਮਾਂ ਰੱਖਿਆ ਹੈ। ਅਕਾਲੀ ਦਲ ਦੇ ਰਣਜੀਤ ਢਿੱਲੋ ਸਵੇਰੇ ਲਗਭਗ 9:30 ਵਜੇ ਇੱਕ ਪੈਦਲ ਮਾਰਚ ਕੱਢਣਗੇ, ਉਸ ਤੋਂ ਬਾਅਦ ਆਪਣੀ ਨਾਮਜ਼ਦਗੀ ਦਾਖਲ ਕਰਨਗੇ।
- ਸਵੇਰੇ 11 ਵਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਡੀਸੀ ਦਫ਼ਤਰ ਪਹੁੰਚਣਗੇ, ਉਹ ਸਿਰਫ ਆਪਣੇ ਪਰਿਵਾਰ ਅਤੇ ਅਧਿਕਾਰਕ ਨਾਲ ਹੀ ਆਉਣਗੇ। ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।
- ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਉਨ੍ਹਾਂ ਦੇ ਮੁੱਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਉਹ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜਾਣਗੇ।