ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਵਿੱਚ ਜਾਰੀ ਬਜਟ ਸੈਸ਼ਨ ਅੱਜ ਆਪਣੇ ਪੰਜਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ ਪਰ ਜੇਕਰ ਗੱਲ ਕਰੀਏ ਤਾਂ ਇਹ ਬਜਟ ਸੈਸ਼ਨ ਪਹਿਲੇ ਦਿਨ ਤੋਂ ਹੀ ਗਰਮਾਇਆ ਹੋਇਆ ਹੈ। ਅੱਜ ਵੀ ਬਜਟ ਸੈਸ਼ਨ ਵਿੱਚ ਸਿਆਸੀ ਪਾਰਾ ਸਿਖ਼ਰ ਨੂੰ ਛੂਹਣ ਦੇ ਅਸਾਰ ਹਨ। ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਜਵਾਨੀ ਅਤੇ ਕਿਸਾਨੀ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਸਕਦੇ ਹਨ।
- ਅਪਡੇਟ 10:35 AM: ਸਦਨ ਦੀ ਕਾਰਵਾਈ ਸ਼ੁਰੂ
ਪੰਜਾਬ ਵਿਧਾਨ ਸਭਾ ਵਿੱਚ ਕਾਰਵਾਈ ਜਾਰੀ ਹੈ।
ਫਸਲਾਂ ਦਾ ਮੁਆਵਜ਼ਾ ਅਤੇ ਨਸ਼ੇ ਨੂੰ ਠੱਲ: ਵਿਧਾਨ ਸਭਾ ਦੇ ਪੰਜਵੇਂ ਦਿਨ ਅੱਜ ਮੁੱਖ ਮੁੱਦਾ ਕਿਸਾਨਾਂ ਦੀ ਫਸਲਾਂ ਦਾ ਮੁਆਵਜ਼ਾ ਰਹਿ ਸਕਦਾ ਹੈ। ਬੀਤੇ ਸਮੇਂ ਦੌਰਾਨ ਜਿੱਥੇ ਹੜ੍ਹਾਂ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕਿੱਥੇ ਹੈ ਉੱਥੇ ਹੀ ਹੁਣ ਵੀ ਗੜ੍ਹੇਮਾਰੀ ਕਾਰਣ ਨੁਕਸਾਨ ਹੋਇਆ ਹੈ। ਦੂਜੇ ਪਾਸੇ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਸੂਬਾ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦੇ ਸਿਰਫ ਪੋਸਟਰ ਲਗਾਏ ਹਨ ਅਸਲ ਵਿੱਚ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਿਆ। ਇਸ ਤੋਂ ਇਲਾਵਾ ਸੂਬੇ ਵਿੱਚ ਲਗਾਤਾਰ ਪੈਰ ਪਸਾਰ ਰਹੇ ਨਸ਼ੇ ਅਤੇ ਨਸ਼ੇ ਕਾਰਣ ਹੋ ਰਹੇ ਜਵਾਨੀ ਦੇ ਘਾਣ ਉੱਤੇ ਵੀ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਸਕਦੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਕਈ ਬਿੱਲਾਂ ਨੂੰ ਪੇਸ਼ ਕਰਕੇ ਮਨਜ਼ੂਰ ਕਰਵਾਉਣਾ ਚਾਹੇਗੀ।
ਬੀਤੇ ਦਿਨ ਹੋਇਆ ਜ਼ਬਰਦਸਤ ਹੰਗਾਮਾ: ਦੱਸ ਦਈਏ ਬਜਟ ਸੇਸ਼ਨ ਬੀਤੇ ਦਿਨ ਇੰਨਾ ਜ਼ਿਆਦਾ ਹੰਗਾਮੇਦਾਰ ਰਿਹਾ ਕਿ 9 ਕਾਂਗਰਸੀ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਵਿਧਾਨ ਸਭਾ ਤੋਂ ਹੀ ਬਾਹਰ ਕੱਢ ਦਿੱਤਾ। ਸਦਨ ਵਿੱਚੋਂ ਬਾਹਰ ਹੋਣ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ.' ਅੱਜਮੇਰੀ ਬੇਇੱਜ਼ਤੀ ਹੋ ਰਹੀ ਹੈ, ਕੱਲ੍ਹ ਤੁਹਾਡੀ ਵੀ ਬੇਇਜ਼ਤੀ ਹੋਵੇਗੀ। ਅਸੀਂ ਚੁਣੇ ਜਾਣ ਤੋਂ ਬਾਅਦ ਆਏ ਹਾਂ, ਅਸੀਂ ਆਪਣੇ ਇਲਾਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ। ਮੈਂ ਸਦਨ ਵਿੱਚ ਕਿਸੇ ਨੂੰ ਗਾਲ੍ਹ ਨਹੀਂ ਕੱਢੀ, ਕਿਸੇ ਨੂੰ ਅਪਸ਼ਬਦ ਨਹੀਂ ਬੋਲੇ, ਮੈਂ ਤਾਂ ਬਜਟ ਸਬੰਧੀ ਅੰਕੜੇ ਹੀ ਪੇਸ਼ ਕਰ ਰਿਹਾ ਸੀ, ਪਰ ਜਦੋਂ ਉਨ੍ਹਾਂ ਨੂੰ ਲੱਗਾ ਕਿ ਇਹ ਅੰਕੜੇ ਸਾਡੇ ਵਿਰੁੱਧ ਹਨ ਤਾਂ ਉਨ੍ਹਾਂ ਨੇ ਕਿਹਾ ਕਿਕੈਮਰਾ ਬੰਦ ਕਰੋ, ਮਾਈਕ ਬੰਦ ਕਰੋ ਅਤੇ ਇਨ੍ਹਾਂ ਨੂੰ ਬਾਹਰ ਕੱਢੋ। ਮੈਂ ਸਪੀਕਰ ਦੇ ਕਮਰੇ ਵਿੱਚ ਗਿਆ ਤਾਂ ਸਪੀਕਰ ਨੇ ਮੈਨੂੰ ਕਿਹਾ ਕਿ ਤੁਹਾਨੂੰ ਬੋਲਣ ਦਾ ਸਮਾਂ ਦਿੱਤਾ ਜਾਵੇਗਾ ਪਰ ਜਦੋਂ ਅਸੀਂ ਸਦਨ ਵਿੱਚ ਆਏ ਤਾਂ ਹੇਠਾਂ ਤੋਂ ਇਸ਼ਾਰਾ ਹੋਇਆ ਅਤੇ ਸਾਨੂੰ ਬੋਲਣ ਨਹੀਂ ਦਿੱਤਾ ਗਿਆ। ਵੜਿੰਗ ਨੇ ਇਸ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ।