ਸ਼ੈਲਰ ਦੀ ਕੰਧ ਡਿੱਗਣ ਕਾਰਨ ਮਜ਼ਦੂਰਾਂ ਦੀ ਮੌਤ (ETV BHARAT) ਸੰਗਰੂਰ: ਸੁਨਾਮ ਦੇ ਨਾਲ ਲੱਗਦੇ ਪਿੰਡ ਕਣਕਵਾਲ ਵਿਖੇ ਇੱਕ ਨਿਰਮਾਣ ਅਧੀਨ ਪ੍ਰਾਈਵੇਟ ਸ਼ੈਲਰ ਦਾ ਕੰਮ ਚੱਲ ਰਿਹਾ ਸੀ। ਜਿਸ ਦੀ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਕੁਝ ਹੋਰ ਮਜ਼ਦੂਰ ਜ਼ਖ਼ਮੀ ਵੀ ਹੋਏ ਹਨ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਹਾਦਸੇ 'ਚ ਤਿੰਨ ਮਜ਼ਦੂਰਾਂ ਦੀ ਮੌਤ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸ਼ੈਲਰ ਦੀ ਕੰਧ ਨੂੰ ਪਲਸਤਰ ਕਰ ਰਹੇ ਸਨ ਤਾਂ ਪਲਸਤਰ ਕਰਨ ਲਈ ਬਣਾਈ ਪੈੜ ਦੇ ਟੁੱਟ ਜਾਣ ਕਾਰਨ ਉਕਤ ਮਜ਼ਦੂਰ ਕਾਫ਼ੀ ਉਚਾਈ ਤੋਂ ਹੇਠਾਂ ਡਿੱਗ ਪਏ। ਜਿਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜਖ਼ਮੀ ਹੋ ਗਏ। ਜਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ। ਮ੍ਰਿਤਕ ਮਜ਼ਦੂਰਾਂ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ, ਬਿੱਟੂ ਸਿੰਘ ਪੁੱਤਰ ਅਜੀਤ ਸਿੰਘ (ਦੋਵੇ ਵਾਸੀ ਹੀਰੋ ਖੁਰਦ) ਅਤੇ ਜਨਕ ਰਾਜ ਸਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਿਲ ਹਨ, ਜਦੋਂ ਕਿ ਗੰਭੀਰ ਜਖ਼ਮੀ ਹੋਏ ਮਜ਼ਦੂਰਾਂ 'ਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਅਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ ਪਾਟਿਆਵਾਲੀ ਸ਼ਾਮਲ ਹਨ।
ਸ਼ੈਲਰ ਮਾਲਕ ਤੇ ਠੇਕੇਦਾਰ 'ਤੇ ਕਾਰਵਾਈ ਦੀ ਮੰਗ: ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ੈਲਰ ਮਾਲਕ ਅਤੇ ਠੇਕੇਦਾਰ 'ਤੇ ਤੁਰੰਤ ਹੀ ਕਾਰਵਾਈ ਹੋਣੀ ਚਾਹੀਦੀ ਹੈ। ਜਿੰਨ੍ਹਾਂ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਉਨਾਂ ਨੂੰ 50-50 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਤਕਰੀਬਨ ਦੋ ਸਾਲ ਦੇ ਉੱਤੇ ਟਾਈਮ ਹੋ ਗਿਆ ਹੈ ਪਰ ਮੁੱਖ ਮੰਤਰੀ ਪੰਜਾਬ ਨੇ ਹਾਲੇ ਤੱਕ ਕੋਈ ਵੀ ਮਜ਼ਦੂਰ ਯੂਨੀਅਨ ਨਾਲ ਮੀਟਿੰਗ ਨਹੀਂ ਕੀਤੀ ਹੈ। ਪਿਛਲੀਆਂ ਸਰਕਾਰਾਂ ਦੇ ਵਾਂਗ ਇਹ ਸਰਕਾਰ ਵੀ ਮਜ਼ਦੂਰਾਂ ਦੇ ਲਈ ਨਿਕੰਮੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਢਿੱਲ ਕੀਤੀ ਤਾਂ ਉਨ੍ਹਾਂ ਵਲੋਂ ਸੰਘਰਸ਼ ਕੀਤਾ ਜਾਵੇਗਾ।
ਸਰਕਾਰ ਤੋਂ ਮਦਦ ਦੀ ਅਪੀਲ:ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮ੍ਰਿਤਕਾਂ ਦੇ ਪਿੰਡ ਵਾਸੀਆਂ ਨੇ ਕਿਹਾ ਇੰਨ੍ਹਾਂ ਦੇ ਪਰਿਵਾਰਾਂ ਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਮਿਹਨਤ ਮਜ਼ਦੂਰੀ ਕਰਕੇ ਇਹ ਲੋਕ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਸੀ ਪਰ ਹੁਣ ਘਰਾਂ ਦਾ ਗੁਜ਼ਾਰਾ ਹੋਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਇਹਨਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ: ਉਥੇ ਹੀ ਇਸ ਮੌਕੇ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਨਿਰਮਾਣ ਅਧੀਨ ਸ਼ੈਲਰ 'ਚ ਇਹ ਹਾਦਸਾ ਵਾਪਰਿਆ ਹੈ। ਜਿਸ 'ਚ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ, ਜਦਕਿ ਦੋ ਮਜ਼ਦੂਰ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਮੁਤਾਬਿਕ ਪੁਲਿਸ ਕਾਰਵਾਈ ਕੀਤੀ ਜਾਵੇਗੀ।