ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਮਾਮਲੇ 'ਚ ਆਇਆ ਨਵਾਂ ਮੋੜ ਬਠਿੰਡਾ :ਕਿਸਾਨੀ ਅੰਦੋਲਨ ਦੌਰਾਨ ਖਨੌਰੀ ਦੇ ਪੰਜਾਬ ਹਰਿਆਣਾ ਬਾਰਡਰ 'ਤੇ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਬਠਿੰਡਾ ਦੇ ਪਿੰਡ ਵੱਲੋਂ ਦੇ ਰਹਿਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਜਿਥੇ ਬੀਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਵੀਰਪਾਲ ਕੌਰ ਵਾਸੀ ਮਹਿਰਾਜ ਜ਼ਿਲ੍ਹਾ ਬਠਿੰਡਾ ਵੱਲੋਂ ਆਪਣੇ ਆਪ ਨੂੰ ਸ਼ੁਭ ਕਰਨ ਸਿੰਘ ਦੀ ਮਾਤਾ ਦੱਸਦੇ ਹੋਏ ਉਸ ਦੀ ਮਿੱਟੀ ਨਾ ਰੋਲੇ ਜਾਣ ਅਤੇ ਅੰਤਿਮ ਸੰਸਕਾਰ ਕਰਨ ਦੀ ਗੱਲ ਆਖੇ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਵੱਲੋ ਵੀਰਪਾਲ ਕੌਰ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ।
ਧੀ ਨੇ ਕਿਹਾ ਸਾਡੇ ਲਈ ਮਰ ਚੁਕੀ ਹੈ ਮਾਂ: ਸ਼ੁਭਕਰਨ ਸਿੰਘ ਦੀ ਭੈਣ ਦਾ ਕਹਿਣਾ ਹੈ ਕਿ ਵੀਰਪਾਲ ਕੌਰ ਉਨਾਂ ਨੂੰ ਛੋਟੇ ਹੁੰਦਿਆਂ ਹੀ ਛੱਡ ਕੇ ਚਲੇ ਗਏ ਸੀ ਜਦੋਂ ਉਸਦੀ ਉਮਰ ਮਹਿਜ ਕਰੀਬ ਇੱਕ ਸਾਲ ਸੀ ਉਸਦਾ ਪਾਲਣ ਪੋਸ਼ਣ ਉਸਦੇ ਪਿਤਾ ਚਾਚਾ ਤੇ ਦਾਦੀ ਨੇ ਕੀਤਾ ਹੈ ਅਤੇ ਅੱਜ ਕਿਸ ਹੱਕ ਨਾਲ ਵੀਰਪਾਲ ਕੌਰ ਜਿਸ ਦਾ ਉਸ ਦੇ ਪਿਤਾ ਨਾਲ ਤਲਾਕ ਹੋ ਚੁੱਕਿਆ ਹੈ ਸ਼ੁਭ ਕਰਨ ਸਿੰਘ ਨੂੰ ਲੈ ਕੇ ਬਿਆਨਬਾਜੀ ਕਰ ਰਹੀ ਹੈ ਉਹਨਾਂ ਕਿਹਾ ਕਿ ਜੋ ਵੀ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਉਸ ਨਾਲ ਉਹ ਸੰਤੁਸ਼ਟ ਹਨ ਅਤੇ ਉਨਾਂ ਸਮਾਂ ਉਹ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕਰਨਗੀਆਂ ਜਿੰਨਾ ਸਮਾਂ ਰਹਿੰਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ।
ਪਰਿਵਾਰ ਨੇ ਮਾਂ ਦੇ ਬਿਆਨ ਨੂੰ ਦੱਸਿਆ ਬੇਬੁਨਿਆਦ : ਮਾਮਲੇ ਸਬੰਧੀ ਬੋਲਦਿਆਂ ਸ਼ੁਭਕਰਨ ਸਿੰਘ ਦੀ ਦਾਦੀ ਸੁਰਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਤੋਂ ਕਰੀਬ 17 ਸਾਲ ਪਹਿਲਾਂ ਵੀਰਪਾਲ ਕੌਰ ਦਾ ਉਸ ਦੇ ਬੇਟੇ ਚਰਨਜੀਤ ਸਿੰਘ ਨਾਲ ਤਲਾਕ ਹੋ ਚੁੱਕਿਆ ਹੈ। ਅੱਜ ਵੀਰਪਾਲ ਕੌਰ ਉਸਦੇ ਦੂਸਰੇ ਵਿਆਹ ਤੋਂ ਵੀ ਦੋ ਜਵਾਕ ਹਨ। ਵੀਰਪਾਲ ਕੌਰ ਨੇ ਕਦੇ ਵੀ ਸ਼ੁਭਕਰਨ ਅਤੇ ਆਪਣੀਆਂ ਦੋ ਬੇਟੀਆਂ ਦੀ ਕਦੇ ਸਾਰ ਨਹੀਂ ਲਈ ਅਤੇ ਨਾ ਹੀ ਉਨਾਂ ਕੋਲ ਕਦੇ ਮਿਲਣ ਲਈ ਆਈ। ਫਿਰ ਅੱਜ ਅਚਾਨਕ ਉਸ ਦਾ ਆਉਣਾ ਸਾਨੂੰ ਮਨਜ਼ੂਰ ਨਹੀਂ ਹੈ। ਕਿਓਂਕਿ ਬਠਿੰਡਾ ਵਿੱਚ ਅਦਾਲਤ ਰਾਹੀਂ ਉਹਨਾਂ ਦਾ ਤਲਾਕ ਹੋਇਆ ਸੀ ਅਤੇ 17 ਸਾਲ ਪਹਿਲਾਂ ਹੀ ਉਸ ਪਰਿਵਾਰ ਨੂੰ ਛੱਡ ਕੇ ਚਲੇ ਗਈ ਸੀ। ਫਿਰ ਅੱਜ ਕਿਸ ਅਧਿਕਾਰ ਨਾਲ ਸ਼ੁਭਕਰਨ ਸਿੰਘ ਨੂੰ ਲੈ ਕੇ ਫੈਸਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਜੋ ਵੀ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੋਵੇਗਾ, ਉਹ ਸਿਰ ਮੱਥੇ ਪ੍ਰਵਾਨ ਹੈ ਅਤੇ ਸ਼ੁਭਕਰਨ ਸਿੰਘ ਨੂੰ ਲੈ ਕੇ ਜੋ ਵੀ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੀਆਂ ਉਸੇ ਤਰ੍ਹਾਂ ਹੋਵੇਗਾ।
ਪਿੰਡ ਵਾਲਿਆਂ ਨੇ ਵੀ ਦਿੱਤਾ ਪਰਿਵਾਰ ਦਾ ਸਾਥ :ਉਥੇ ਹੀ ਪਿੰਡ ਬੱਲੋ ਦੇ ਰਹਿਣ ਵਾਲੇ ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਉਨਾਂ ਨੇ ਕਦੇ ਵੀ ਵੀਰਪਾਲ ਕੌਰ ਨੂੰ ਇਸ ਪਿੰਡ ਵਿੱਚ ਨਹੀਂ ਵੇਖਿਆ ਜੇਕਰ ਅੱਜ ਸ਼ੁਭਕਰਨ ਸਿੰਘ ਨੂੰ ਲੈ ਕੇ ਵੀਰਪਾਲ ਕੌਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਉਹ ਸਰਾਸਰ ਗਲਤ ਹਨ। ਕਿਉਂਕਿ ਪਰਿਵਾਰਿਕ ਮੈਂਬਰਾਂ ਅਨੁਸਾਰ ਕਰੀਬ 17 ਸਾਲ ਪਹਿਲਾਂ ਚਰਨਜੀਤ ਸਿੰਘ ਅਤੇ ਵੀਰਪਾਲ ਕੌਰ ਦਾ ਤਲਾਕ ਹੋਣ ਤੋਂ ਬਾਅਦ ਵੀਰਪਾਲ ਕੌਰ ਨੇ ਕਦੇ ਵੀ ਆਪਣੇ ਬੱਚੇ ਸ਼ੁਭ ਕਰਨ ਅਤੇ ਬੇਟੀਆਂ ਨੂੰ ਨਹੀਂ ਮਿਲਿਆ ਗਿਆ ਅਤੇ ਨਾ ਹੀ ਉਨਾਂ ਨਾਲ ਕਦੇ ਸੰਪਰਕ ਕੀਤਾ ਗਿਆ, ਇਸ ਲਈ ਸ਼ੁਭਕਰਨ ਸਿੰਘ ਨੂੰ ਲੈ ਕੇ ਜੋ ਬਿਆਨ ਵੀਰਪਾਲ ਕੌਰ ਵੱਲੋਂ ਦਿੱਤੇ ਜਾ ਰਹੇ ਹਨ ਉਹ ਸਰਾਸਰ ਗਲਤ ਹਨ। ਵੀਰਪਾਲ ਕੌਰ ਵੱਲੋਂ ਦੂਸਰਾ ਵਿਆਹ ਕਰਵਾਏ ਜਾਣ ਤੋਂ ਬਾਅਦ ਕਦੇ ਵੀ ਪਿੰਡ ਬੱਲੋ ਵਿਖੇ ਆਪਣੇ ਬੱਚਿਆਂ ਦੀ ਸਾਰ ਕਦੇ ਨਹੀਂ ਲਈ ਗਈ।
ਉਧਰ ਇਸ ਘਟਨਾ ਦਾ ਪਤਾ ਚੱਲਦੇ ਹੀ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸ਼ੁਭਕਰਨ ਸਿੰਘ ਨੂੰ ਲੈ ਕੇ ਜੋ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਹਨ ਇਹ ਬਹੁਤ ਮਦਭਾਗੀਆਂ ਹਨ ਅਤੇ ਉਹ ਉਨਾਂ ਸਮਾਂ ਸ਼ੁਭਕਰਨ ਸਿੰਘ ਦਾ ਸੰਸਕਾਰ ਨਹੀਂ ਕਰਨਗੇ, ਜਿੰਨਾ ਸਮਾਂ ਆ ਪੁਲਿਸ ਵੱਲੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ।